ਸੁਖਪਾਲ ਖਹਿਰਾ ਦੇ ਹੱਕ 'ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ ਚੰਡੀਗੜ੍ਹ: ਪੰਜਾਬ ਕਾਂਗਰਸ ਵਲੋਂ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਚੰਡੀਗੜ੍ਹ ਕਾਂਗਰਸ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਵਜੋਤ ਸਿੱਧੂ ਨੂੰ ਛੱਡ ਕੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਮੌਕੇ 'ਤੇ ਮੌਜੂਦ ਦਿਸੀ, ਜਿਸ਼ 'ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੀ ਅਗਵਾਈ 'ਚ ਕਾਂਗਰਸ ਵਲੋਂ ਇਹ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਤਾਪ ਬਾਜਵਾ ਨੇ ਕਿਹਾ ਕਿ ਕਾਂਗਰਸ ਵਲੋਂ ਡੀਜੀਪੀ ਨਾਲ ਮੁਲਾਕਾਤ ਕੀਤੀ ਜਾਵੇਗੀ ਪਰ ਇਹ ਦੇਖਣਾ ਹੋਵੇਗਾ ਕਿ ਪੁਲਿਸ ਉਨ੍ਹਾਂ ਨੂੰ ਅੱਗੇ ਜਾਣ ਦਿੰਦੀ ਹੈ ਜਾਂ ਪਿਰ ਨਹੀਂ। (Punjab Congress Protest) (Leader of Opposition Partap Bajwa)
ਖਹਿਰਾ ਦੀ ਗ੍ਰਿਫ਼ਤਾਰੀ ਸਿਆਸੀ ਬਦਲਾਖੋਰੀ: ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਕਿ ਸਿਆਸੀ ਬਦਲਾਖੋਰੀ ਦੇ ਚੱਲਦੇ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਜਿਸ ਦੇ ਚੱਲਦੇ 'ਆਪ' ਅਤੇ ਭਾਜਪਾ ਦੋਵੇਂ ਵੱਖ-ਵੱਖ ਏਜੰਸੀਆਂ ਰਾਹੀਂ ਆਪਣੇ ਸਿਆਸੀ ਵਿਰੋਧੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਜਵਾ ਦਾ ਕਹਿਣਾ ਕਿ ਉਹ ਆਪਣੇ ਵਿਧਾਇਕ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹਨ ਅਤੇ ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਸੁਖਪਾਲ ਖਹਿਰਾ ਜੇਲ੍ਹ ਤੋਂ ਰਿਹਾਅ ਨਹੀਂ ਹੋ ਜਾਂਦੇ।
ਭਾਜਪਾ ਅਤੇ 'ਆਪ' ਮਿਲੇ ਹੋਏ: ਇਸ ਦੇ ਨਾਲ ਹੀ ਬਾਜਵਾ ਦਾ ਕਹਿਣਾ ਕਿ ਸਰਕਾਰ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਪਾਸੇ ਕਰਕੇ ਅਡਹਾੱਕ ਤੌਰ 'ਤੇ ਗੌਰਵ ਯਾਦਵ ਨੂੰ ਡੀਜੀਪੀ ਲਗਾਇਆ ਹੈ, ਜਦਕਿ ਹੋਰ ਵੀ ਕਈ ਸੀਨੀਅਰ ਅਧਿਕਾਰੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਆਰਜ਼ੀ ਡੀਜੀਪੀ ਨਹੀਂ ਲਗਾਇਆ ਜਾ ਸਕਦਾ, ਜਿਸ 'ਚ ਗ੍ਰਹਿ ਵਿਭਾਗ ਨੂੰ ਸਰਕਾਰ ਵਲੋਂ ਪੈਨਲ ਭੇਜਣਾ ਹੁੰਦਾ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਬਾਜਵਾ ਦਾ ਕਹਿਣਾ ਕਿ ਆਪ ਅਤੇ ਭਾਜਪਾ ਦੋਵੇਂ ਮਿਲੇ ਹੋਏ ਹਨ।
ਨਸ਼ਾ ਤਸਕਰ ਰਾਜਜੀਤ ਦੀ ਗ੍ਰਿਫ਼ਤਾਰੀ ਕਦੋਂ:ਪ੍ਰਤਾਪ ਬਾਜਵਾ ਦਾ ਕਹਿਣਾ ਕਿ ਨਸ਼ਾ ਤਸਕਰੀ 'ਚ ਸਭ ਤੋਂ ਵੱਡਾ ਨਾਮ ਪੁਲਿਸ ਅਧਿਕਾਰੀ ਰਹੇ ਰਾਜਜੀਤ ਦਾ ਸਾਹਮਣੇ ਆਇਆ ਸੀ, ਜਿਸ ਨੂੰ ਨੌਕਰੀ ਤੋਂ ਕੱਢਿਆ ਸੀ। ਉਨ੍ਹਾਂ ਕਿਹਾ ਕਿ ਗੌਰਵ ਯਾਦਵ ਇਹ ਦੱਸਣ ਕਿ ਰਾਜਜੀਤ ਦੀ ਗ੍ਰਿਫ਼ਤਾਰੀ ਪੁਲਿਸ ਕਦੋਂ ਕਰੇਗੀ, ਆਖ਼ਰ ਕਿਸ ਨੇ ਉਸ ਨੂੰ ਪਨਾਹ ਦਿੱਤੀ ਹੈ, ਜੋ ਹੁਣ ਤੱਕ ਉਹ ਪੁਲਿਸ ਦੀ ਗ੍ਰਿਫ਼ਤ ਤੋਂ ਬਚਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਾਈਵੇਟ ਕੰਪਨੀ ਦੀ ਤਰ੍ਹਾਂ ਸਰਕਾਰ ਲਈ ਕੰਮ ਕਰ ਰਹੀ ਹੈ ਤੇ ਹੁਣ ਤੱਕ ਕਪੂਰਥਲਾ 'ਚ ਦੋ ਭਰਾਵਾਂ ਨੇ ਖੁਦਕੁਸ਼ੀ ਕੀਤੀ, ਉਸ ਮਾਮਲੇ 'ਚ ਵੀ ਥਾਣੇਦਾਰ ਦੀ ਗ੍ਰਿਫ਼ਤਾਰੀ ਵੀ ਹੁਣ ਤੱਕ ਨਹੀਂ ਹੋਈ।
ਅਫ਼ਸਰਾਂ ਨੂੰ ਤਰੱਕੀ ਦਾ ਲਾਲਚ: ਉਨ੍ਹਾਂ ਕਿਹਾ ਕਿ 8 ਸਾਲ ਪਹਿਲਾਂ ਜਿਸ ਸਵਪਨ ਸ਼ਰਮਾ ਨੇ ਸੁਖਪਾਲ ਖਹਿਰਾ ਦੇ ਖਿਲਾਫ਼ ਕੇਸ ਦਾਇਰ ਕੀਤਾ ਸੀ, ਉਸ ਨੂੰ ਸਿੱਟ ਦਾ ਮੁਖੀ ਬਣਾਇਆ ਜਾਂਦਾ ਹੈ, ਜਦਕਿ ਕਈ ਸੀਨੀਅਰ ਅਧਿਕਾਰੀ ਸੀ, ਜਿੰਨ੍ਹਾਂ ਨੂੰ ਸਿੱਟ ਦਾ ਇੰਚਾਰਜ ਲਾਇਆ ਜਾ ਸਕਦਾ ਸੀ। ਪ੍ਰਤਾਪ ਬਾਜਵਾ ਦਾ ਕਹਿਣਾ ਕਿ ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੰਨ੍ਹਾਂ ਅਫ਼ਸਰਾਂ ਨੂੰ ਤਰੱਕੀ ਦਾ ਲਾਲਚ ਦਿੱਤਾ ਗਿਆ ਕਿ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਕਰਨ ਤਾਂ ਉਨ੍ਹਾਂ ਨੂੰ ਤਰੱਕੀ ਦਿੱਤੀ ਜਾਵੇਗੀ, ਜਿਸ ਦੇ ਚੱਲਦੇ ਹੁਣ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਬਾਜਵਾ ਦਾ ਕਹਿਣਾ ਕਿ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਲਈ ਵੀ ਜ਼ਿਆਦਾਤਰ ਪੁਲਿਸ ਜਲੰਧਰ ਰੇਜ਼ ਦੀ ਭੇਜੀ ਗਈ, ਜਦਕਿ ਮਾਮਲਾ ਜਲਾਲਾਬਾਦ ਪੁਲਿਸ ਦੇ ਅਧੀਨ ਆਉਂਦਾ ਸੀ। ਜਿਸ ਤੋਂ ਬਦਲਾਖੋਰੀ ਦਾ ਸਾਫ਼ ਪਤਾ ਲੱਗਦਾ ਹੈ।
ਅਕਾਲੀ ਆਗੂ 'ਤੇ ਇਲਜ਼ਾਮਾਂ ਤੋਂ ਬਾਅਦ ਮੰਗੀ ਮੁਆਫ਼ੀ: ਪ੍ਰਤਾਪ ਬਾਜਵਾ ਦਾ ਕਹਿਣਾ ਕਿ ਸਿੱਟ ਜੇ ਕਿਸੇ ਮਾਮਲੇ 'ਚ ਬਣਦੀ ਹੈ ਤਾਂ ਉਹ ਪਹਿਲਾਂ ਸੰਮਨ ਕਰਦੀ ਹੈ ਤੇ ਬਿਆਨ ਲਏ ਜਾਂਦੇ ਹਨ ਪਰ ਇਸ ਮਾਮਲੇ 'ਚ ਨਾ ਤਾਂ ਸੰਮਨ ਕੀਤੇ ਅਤੇ ਨਾ ਹੀ ਬਿਆਨ ਲਏ ਗਏ, ਸਿੱਧਾ ਖਹਿਰਾ ਦੇ ਘਰ ਦੇ ਤਾਲੇ ਤੋੜ ਕੇ ਗ੍ਰਿਫ਼ਤਾਰੀ ਲਈ ਉਸ ਦੇ ਬੈਡਰੂਮ ਤੱਕ ਪੁੱਜ ਗਏ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਵੀ ਜੋ ਬੀਤੇ ਦਿਨ ਪਟਿਆਲਾ 'ਚ ਬੋਲਿਆ ਗਿਆ, ਉਹ ਸਭ ਝੂਠ ਹੈ, ਕਿਉਂਕਿ 'ਆਪ' ਵਾਲਿਆਂ ਨੇ ਝੂਠ ਬੋਲਣ 'ਚ ਪੀਐੱਚਡੀ ਕੀਤੀ ਹੋਈ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਆਗੂ 'ਤੇ ਵੀ ਤੁਸੀਂ ਅਜਿਹਾ ਦੋਸ਼ ਲਾਇਆ ਸੀ ਤੇ ਜਦੋਂ ਉਸ ਨੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਤਾਂ ਤੁਸੀਂ ਸ਼ਰੇਆਮ ਮੁਆਫ਼ੀ ਮੰਗੀ ਸੀ।
ਨਸ਼ਾ ਤਸਕਰ ਸੀ ਤਾਂ ਟਿਕਟ ਕਿਉਂ ਦਿੱਤੀ:ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਿਸ ਵਿਅਕਤੀ 'ਤੇ ਤੁਸੀਂ ਹੁਣ ਇਲਜ਼ਾਮ ਲਗਾ ਰਹੇ ਹੋ, ਪਹਿਲਾਂ ਤੁਸੀਂ ਹੀ ਉਸ ਨੂੰ ਆਪਣੀ ਪਾਰਟੀ ਤੋਂ ਟਿਕਟ ਦਿੰਦੇ ਹੋ ਅਤੇ ਉਸ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਂਦੇ ਹੋ। ਉਸ ਵਿਅਕਤੀ ਦੇ ਹੱਕ 'ਚ ਭਗਵੰਤ ਮਾਨ ਖੁਦ ਬਿਆਨ ਦਿੰਦੇ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਐਫਆਈਆਰ ਪੜ੍ਹੀ ਹੈ, ਜੋ ਬਿਲਕੁਲ ਬੇਬੁਨਿਆਦ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਦੇਖੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਤੋਂ ਵੀ ਉਹ ਪੁੱਛਣਾ ਚਾਹੁੰਦੇ ਹਨ ਕਿ ਜੇ ਪੰਜਾਬ ਪੁਲਿਸ ਯੂਟੀ 'ਚ ਗ੍ਰਿਫ਼ਤਾਰੀ ਲਈ ਆਈ ਸੀ ਤਾਂ ਉਨ੍ਹਾਂ ਕਿਸੇ ਪੁਲਿਸ ਅਧਿਕਾਰੀ ਨੂੰ ਜਾਂ ਸਬੰਧਿਤ ਥਾਣੇ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂ ਫਿਰ ਨਹੀਂ।
ਕਾਂਗਰਸੀ ਸਰਪੰਚ ਤੇ ਲੀਡਰਾਂ ਨੂੰ ਧਮਕਾਇਆ: ਪ੍ਰਤਾਪ ਬਾਜਵਾ ਦਾ ਕਹਿਣਾ ਕਿ ਇਥੋਂ ਤੱਕ ਕਿ ਸਰਕਾਰ ਵਲੋਂ ਸਾਡੇ ਪੁਰਾਣੇ ਲੀਡਰਾਂ, ਵਰਕਰ ਤੇ ਸਰਪੰਚਾਂ ਤੱਕ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਜਿਸ 'ਚ ਜਿਆਦਾ ਰੋਲ ਪੰਜਾਬ ਪੁਲਿਸ ਦਾ ਸੀ।