ਫਰੀਦਕੋਟ:ਭਾਂਵੇ ਕਿ ਬਹਿਬਲ ਵਿਖੇ ਚੱਲ ਰਿਹਾ ਇਨਸਾਫ਼ ਮੋਰਚਾ ਉਨ੍ਹਾਂ ਦੋ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਦੇ ਦੋ ਮੈਂਬਰ ਬਹਿਬਲ ਗੋਲੀਕਾਂਡ ਦੌਰਾਨ ਪੁਲਿਸ ਦੀ ਗੋਲੀ ਨਾਲ 14 ਅਕਤੂਬਰ 2015 ਨੂੰ ਮਾਰੇ ਗਏ ਸਨ। ਇਨ੍ਹਾਂ ਵਿੱਚ ਨਿਆਮੀ ਵਾਲੇ ਦੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਸਰਾਵਾਂ ਪਿੰਡ ਦੇ ਭਾਈ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਵੱਲੋਂ ਇਹ ਇਨਸਾਫ ਮੋਰਚਾ ਸ਼ੁਰੂ ਕੀਤਾ ਗਿਆ ਸੀ ਪਰ ਕੁੱਝ ਸਮੇਂ ਬਾਅਦ ਸੁਖਰਾਜ ਸਿੰਘ ਅਤੇ ਸਾਧੂ ਸਿੰਘ ਵਿਚਾਲੇ ਕੁਝ ਮਤਭੇਦ ਬਣਨ ਕਾਰਨ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਵੱਲੋਂ ਮੋਰਚੇ ਤੋਂ ਆਪਣੇ ਆਪ ਨੂੰ ਵਖ਼ ਕਰ ਲਿਆ ਸੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਆਪਣਾ ਦਰਦ ਬਿਆਨ ਕਰਦੇ ਹੋਏ ਮੋਰਚੇ ਵਿੱਚ ਉਨ੍ਹਾਂ ਦੀ ਪੁੱਛ ਪੜਤਾਲ ਨਾ ਹੋਣ ਅਤੇ ਕਿਸੇ ਵੀ ਫੈਸਲੇ ਚ ਉਨ੍ਹਾਂ ਦੀ ਰਜ਼ਾਮੰਦੀ ਨਾ ਲੈਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਸਾਧੂ ਸਿੰਘ ਅਤੇ ਉਹਨਾਂ ਦਾ ਪਰਿਵਾਰ ਬਹਿਬਲਕਲਾਂ ਇਨਸਾਫ ਮੋਰਚੇ ਤੋਂ ਲਗਾਤਾਰ ਗੈਰਹਾਜ਼ਰ ਚਲਦਾ ਆ ਰਿਹਾ ਹੈ।
ਕੁਲਤਾਰ ਸੰਧਵਾਂ ਪਹੁੰਚੇ ਸਮਾਗਮ ਵਿੱਚ :ਜੇਕਰ ਗੱਲ ਕਰੀਏ ਬੀਤੇ ਕੱਲ੍ਹ ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਕਰਵਾਏ ਗਏ ਸ਼ੁਕਰਾਨਾ ਸਮਾਗਮ ਦੀ ਤਾਂ ਇੱਕ ਵਾਰ ਫਿਰ ਸਾਧੂ ਸਿੰਘ ਇਸ ਸਮਾਗਮ ਤੋਂ ਦੂਰ ਰਹੇ ਹਨ। ਉਹਨਾਂ ਜਾ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸ਼ੁਕਰਾਨਾ ਸਮਾਗਮ ਵਿਚ ਨਹੀਂ ਪਹੁੰਚਿਆ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸ਼ੁਕਰਾਨਾ ਸਮਾਗਮ ਚ ਹਿੱਸਾ ਲੈਣ ਤੋਂ ਬਾਅਦ ਪਿੰਡ ਸਰਾਵਾਂ ਵਿਖੇ ਮ੍ਰਿਤਕ ਭਾਈ ਗੁਰਜੀਤ ਸਿੰਘ ਦੇ ਘਰ ਪੁੱਜ ਕੇ ਉਨ੍ਹਾਂ ਵੱਲੋਂ ਗੁਰਜੀਤ ਸਿੰਘ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਅਤੇ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆ ਵਿਚ ਕੀਤੀ ਜਾ ਰਹੀ ਕਾਰਵਾਈ ਤੋਂ ਜਾਣੂ ਕਰਵਾਇਆ ਗਿਆ।