ਫਰੀਦਕੋਟ:ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਂਸਦ ਮੈਂਬਰ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਲੋਕਾਂ ਨੂੰ ਅਸਲ ਆਜ਼ਾਦੀ ਤਾਂ ਹੀ ਮਿਲ ਸਕਦੀ ਹੈ। ਜਦੋਂ ਉਨ੍ਹਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅਫ਼ਸਰਸ਼ਾਹੀ ਅਤੇ ਮਾਫ਼ੀਆ ਤੋਂ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਲੋਕਾਂ ਨੂੰ ਅੱਜ ਤੱਕ ਇਸ ਤੋਂ ਛੁਟਕਾਰਾ ਨਹੀਂ ਮਿਲਿਆ। ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇਸ਼ ਦਾ ਮੋਹਰੀ ਅਤੇ ਖੁਸ਼ਹਾਲ ਸੂਬਾ ਹੁੰਦਾ ਸੀ ਪਰ ਭ੍ਰਿਸ਼ਟ ਨੇਤਾਵਾਂ ਅਤੇ ਸਰਕਾਰਾਂ ਨੇ ਸੂਬੇ ਨੂੰ ਪੂਰੀ ਤਰਾਂ ਨਾਲ ਖੋਖਲਾ ਕਰ ਦਿੱਤਾ ਹੈ।
'ਕੇਜਰੀਵਾਲ ਨੇ ਦਿੱਲੀ ਵਿਚ ਸਾਰੇ ਵਾਅਦੇ ਪੂਰੇ ਕੀਤੇ'
ਭਗਵੰਤ ਮਾਨ ਨੇ ਫਰੀਦਕੋਟ ਤੋਂ 'ਆਪ' ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਅਤੇ ਜਨ ਸਭਾ ਨੂੰ ਸੰਬੋਧਨ ਕੀਤਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਸੀਂ ਮਾਫੀਆ ਵਿਚ ਸ਼ਾਮਿਲ ਨਹੀਂ ਹੁੰਦੇ। ਅਸੀਂ ਲੋਕਾਂ ਦੇ ਦੁੱਖ-ਸੁੱਖ ਵਿਚ ਹਿੱਸਾ ਲੈਂਦੇ ਹਾਂ, ਜਨਤਾ ਦਾ ਪੈਸਾ ਜਨਤਾ 'ਤੇ ਖਰਚ ਕਰਨਾ ਆਮ ਆਦਮੀ ਪਾਰਟੀ ਦੀ ਨੀਤੀ ਹੈ। 'ਆਪ' ਸਰਕਾਰ ਜਨਤਾ ਦੇ ਟੈਕਸ ਦੇ ਪੈਸੇ ਨਾਲ ਜਨਤਾ ਨੂੰ ਮੁਫ਼ਤ ਅਤੇ ਉੱਚ ਮਿਆਰੀ ਸਿੱਖਿਆ ਸਮੇਤ ਵਧੀਆ ਮੈਡੀਕਲ, ਮੁਫਤ ਬਿਜਲੀ, ਪਾਣੀ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਉਂਦੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ (Kejriwal government) ਇਸਦੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਇੱਕੋ ਇੱਕ ਪਾਰਟੀ ਹੈ ਜੋ ਆਪਣੇ ਸਾਰੇ ਵਾਅਦੇ ਪੂਰੇ ਕਰਦੀ ਹੈ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ।
'ਮਾਨ ਨੇ ਸਿੱਧੂ 'ਤੇ ਸਾਧੇ ਨਿਸ਼ਾਨੇ'
ਨਵਜੋਤ ਸਿੱਧੂ 'ਤੇ ਤਿੱਖਾ ਹਮਲਾ ਕਰਦੇ ਹੋਏ ਮਾਨ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਗਾਰੰਟੀ ਦਿੱਤੀ ਸੀ ਤਾਂ ਸਿੱਧੂ ਕੇਜਰੀਵਾਲ ਨੂੰ ਗਾਲਾਂ ਕੱਢ ਰਹੇ ਸਨ ਅਤੇ ਪੁੱਛ ਰਹੇ ਸਨ ਕਿ ਇੰਨੇ ਪੈਸੇ ਕਿੱਥੋਂ ਆਉਣਗੇ। ਹੁਣ ਕੇਜਰੀਵਾਲ ਦੀ ਨਕਲ ਕਰਕੇ ਉਹ ਖੁਦ ਔਰਤਾਂ ਨੂੰ 2000 ਰੁਪਏ ਮਹੀਨਾਂ ਅਤੇ ਮੁਫ਼ਤ ਐਲਪੀਜੀ ਸਿਲੰਡਰ ਦੇਣ ਸਮੇਤ ਹੋਰ ਕਈ ਵਾਅਦੇ ਕਰ ਰਿਹਾ ਹੈ। ਉਨ੍ਹਾਂ ਸਿੱਧੂ ਤੋਂ ਪੁੱਛਿਆ ਕਿ ਦੱਸੋ ਇੰਨਾ ਪੈਸਾ ਹੁਣ ਕਿੱਥੋਂ ਆਵੇਗਾ? ਕੀ ਉਨ੍ਹਾਂ ਕੋਲ ਹੁਣ ਕੋਈ ਨੋਟ ਛਾਪਣ ਵਾਲੀ ਮਸ਼ੀਨ ਆ ਗਈ ਹੈ?