ਫ਼ਰੀਦਕੋਟ : ਪੁਲਿਸ ਦੀ ਹਿਰਾਸਤ ਅੰਦਰ 23 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਅਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਪੁਲਿਸ ਨੇ ਖ਼ੁਰਦ-ਬੁਰਦ ਕਰ ਦਿੱਤਾ ਸੀ। ਜਸਪਾਲ ਦੀ ਲਾਸ਼ ਅਤੇ ਇਨਸਾਫ਼ ਲਈ ਉਸ ਦੇ ਪਰਿਵਾਰ ਵਾਲਿਆਂ ਨੇ ਪਿਛਲੇ 16 ਦਿਨਾਂ ਤੋਂ ਐੱਸਐੱਸਪੀ ਫ਼ਰੀਦਕੋਟ ਦੇ ਦਫ਼ਤਰ ਦੇ ਬਾਹਰ ਧਰਨਾ ਲਾਇਆ ਹੈ।
ਜਸਪਾਲ ਨੂੰ ਇੰਨਸਾਫ਼ ਦਵਾਉਣ ਲਈ ਜਥੇਬੰਦੀਆਂ ਨੇ ਵਿਧਾਇਕ ਢਿੱਲੋਂ ਦੀ ਕੋਠੀ ਵੱਲ ਕੀਤਾ ਕੂਚ ਅੱਜ ਇਸ ਮਾਮਲੇ ਨੂੰ ਲੈ ਕੇ ਕਈ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਘਰ ਦਾ ਘਿਰਾਓ ਵੀ ਕਰਨਾ ਚਾਹਿਆ। ਪਰ ਇਸ ਮੌਕੇ ਤੈਨਾਤ ਪੁਲਿਸ ਬਲਾਂ ਕਰ ਕੇ ਇਕੱਠ ਅੱਗੇ ਨਹੀਂ ਜਾ ਸਕਿਆ।
ਇਸ ਤੋਂ ਬਾਅਦ ਜਸਪਾਲ ਦੇ ਪਿਤਾ ਹਰਬੰਸ ਸਿੰਘ ਦੁਆਰਾ ਲੱਖਾ ਸਿਧਾਣਾ ਦੇ ਸਹਿਯੋਗ ਨਾਲ ਸੜਕ 'ਤੇ ਲੇਟ ਕੇ ਆਪਣਾ ਧਰਨਾ ਜਾਰੀ ਰੱਖਿਆ ਜੋ ਅੱਧੇ ਘੰਟੇ ਲਈ ਸੰਕੇਤਕ ਤੌਰ 'ਤੇ ਚੱਲਿਆ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਇਸੇ ਤਰ੍ਹਾਂ ਚੱਲੇਗਾ ਜਦ ਤੱਕ ਮੇਰੇ ਲੜਕੇ ਦੀ ਲਾਸ਼ ਨਹੀਂ ਮਿਲ ਜਾਂਦੀ।
ਵਿਧਾਇਕ ਢਿੱਲੋਂ ਦੇ ਘਰ ਦਾ ਘਿਰਾਓ ਕਰਨ ਮੌਕੇ ਐਕਸ਼ਨ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਪਰਿਵਾਰ ਨੂੰ ਜਦ ਤੱਕ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਰੋਸ-ਪ੍ਰਦਰਸ਼ਨ ਮੌਕੇ ਗੈਂਗਸਟਰ ਤੋਂ ਸਮਾਜਸੇਵੀ ਬਣੇ ਲੱਖਾ ਸਿਧਾਣਾ ਨੇ ਕਿਹਾ ਕਿ ਜੋ ਪਰਿਵਾਰ ਦੇ ਨਾਲ ਹੋਈ ਉਸ ਦਾ ਦੁੱਖ ਸਿਰਫ਼ ਪਰਿਵਾਰ ਹੀ ਜਾਣਦਾ ਹੈ। ਅੱਜ ਇੱਕ ਦੁਖੀ ਪਿਤਾ ਤੱਪਦੀ ਗਰਮੀ ਵਿੱਚ ਸੜਕ 'ਤੇ ਪੈ ਕੇ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਜੇ 5-7 ਦਿਨਾਂ ਵਿੱਚ ਕੋਈ ਹੱਲ ਨਹੀਂ ਹੁੰਦਾ ਤਾਂ ਸਾਡਾ ਅਗਲਾ ਕਦਮ ਹਾਈਵੇਅ ਜਾਮ ਕੀਤਾ ਜਾਵੇਗਾ ।