ਫ਼ਰੀਦਕੋਟ: ਬਾਬਾ ਫ਼ਰੀਦ ਮੈਡੀਕਲ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸ਼ਨੀਵਾਰ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਸੜਕ 'ਤੇ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਅਤੇ ਭਰਵੀਂ ਨਾਅਰੇਬਾਜ਼ੀ ਕੀਤੀ। ਜੰਮੂ-ਕਸ਼ਮੀਰ ਤੋਂ ਆਏ ਇਨ੍ਹਾਂ ਮੈਡੀਕਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਖੱਜਲ ਕਰ ਰਹੀ ਹੈ ਅਤੇ ਵਾਅਦੇ ਤੋਂ ਮੁਕਰ ਰਹੀ ਹੈ।
ਰੋਸ ਪ੍ਰਦਰਸ਼ਨ ਦੌਰਾਨ ਯੂਨੀਵਰਸਟੀ ਪ੍ਰਸ਼ਾਸ਼ਨ 'ਤੇ ਵਿਦਿਆਰਥੀਆਂ ਨੂੰ ਅੱਖੋਂ-ਪਰੋਖੇ ਕਰਨ ਦੇ ਦੋਸ਼ ਲਾਉਂਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਜਾਣਬੁੱਝ ਕੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਤਾਨਾਸ਼ਾਹੀ ਕਰਦੇ ਹੋਏ ਧਰਨਾ ਲਾਏ ਜਾਣ ਵਿਰੁੱਧ ਕਈ ਵਿਦਿਆਰਥੀਆਂ ਦੇ ਨਾਂਅ ਕੱਟ ਦਿੱਤੇ ਗਏ ਹਨ।
ਵਿਦਿਆਰਥੀਆਂ ਨੇ ਦੱਸਿਆ ਕਿ ਲੌਕਡਾਊਨ ਦੇ ਮੱਦੇਨਜ਼ਰ ਇੰਡੀਅਨ ਮੈਡੀਕਲ ਕੌਂਸਲ (ਆਈਐਮਸੀ) ਦੀਆਂ ਹਦਾਇਤਾਂ ਅਨੁਸਾਰ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਬਿਨਾਂ ਸਾਲਾਨਾ ਪ੍ਰੀਖਿਆ ਲਏ ਅਗਲੇ ਸਾਲ ਵਿੱਚ ਪ੍ਰਮੋਟ ਕੀਤੇ ਜਾਣਾ ਸੀ ਪਰੰਤੂ ਯੂਨੀਵਰਸਿਟੀ ਹੁਣ ਉਨ੍ਹਾਂ ਨੂੰ ਜੰਮੂ-ਕਸ਼ਮੀਰ ਤੋਂ ਇਥੇ ਪੰਜਾਬ ਪੁੱਜ ਕੇ ਪ੍ਰੀਖਿਆ ਦੇਣ ਲਈ ਕਹਿ ਰਹੀ ਹੈ, ਜੋ ਕਿ ਵਿਦਿਆਰਥੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ।