ਫ਼ਰੀਦਕੋਟ: 2 ਦਿਨਾਂ ਤੱਕ ਲਗਾਤਾਰ ਪਏ ਮੀਂਹ ਕਾਰਨ ਜੈਤੋ ਸ਼ਹਿਰ ਪੂਰੀ ਤਰ੍ਹਾਂ ਪਾਣੀ-ਪਾਣੀ ਹੋ ਗਿਆ ਹੈ। ਭਾਰੀ ਮੀਂਹ ਨੇ ਸਰਕਾਰ ਦੇ ਵਿਕਾਸ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਥੇ ਥਾਂ-ਥਾਂ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਂਹ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ, ਕਿ ਸਿਆਸੀ ਆਗੂ ਵਿਕਾਸ ਦੇ ਨਾਂਅ 'ਤੇ ਲੋਕਾਂ ਕੋਲੋਂ ਸਿਰਫ਼ ਵੋਟਾਂ ਹਾਸਲ ਕਰ ਲੈਂਦੇ ਹਨ। ਸਮੇਂ ਦੇ ਨਾਲ ਕੁਰਸੀ ਤਾਂ ਬਦਲ ਜਾਂਦੀ ਹੈ ਪਰ ਸ਼ਹਿਰ ਦੇ ਹਲਾਤ ਨਹੀਂ ਬਦਲਦੇ। ਖਸਤਾ ਹਾਲਤ ਸੜਕਾਂ ਤੇ ਸੀਵਰੇਜ ਦੇ ਪਾਣੀ ਦੇ ਸਹੀ ਨਿਕਾਸੀ ਪ੍ਰਬੰਧ ਨਾ ਹੋਣ ਚਲਦੇ ਸ਼ਹਿਰ ਨੇ ਦਰਿਆ ਦਾ ਰੂਪ ਧਾਰ ਲਿਆ ਹੈ। ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਖ਼ੁਦ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਈ ਸਵਾਲ ਚੁੱਕੇ।
ਇਸ ਮੌਕੇ ਸ਼ਹਿਰ ਦੇ ਕਾਂਗਰਸੀ ਆਗੂ ਕਾਲਾ ਸ਼ਰਮਾ ਨੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ, ਪਰ ਜੈਤੋਂ ਦੇ ਵਿਕਾਸ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਕੁੱਝ ਨਹੀਂ ਕੀਤਾ।