ਫਰੀਦਕੋਟ:ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅਚਨਚੇਤ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੀ ਚੈਕਿੰਗ ਕੀਤੀ ਗਈ। ਫਰੀਦਕੋਟ ਦੀ ਜੇਲ੍ਹ ਵਿਚ ਪਹੁੰਚੇ ਜੇਲ੍ਹ ਮੰਤਰੀ ਵੱਲੋਂ ਕਰੀਬ 3 ਘੰਟੇ ਤੱਕ ਜੇਲ੍ਹ ਅੰਦਰ ਰਹਿ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਹਾਈ ਸਕਿਓਰਿਟੀ ਸੈਲ ਵਿਚ ਬੰਦ ਖੂੰਖਾਰ ਅਪਰਾਧੀਆਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਜੇਕਰ ਕਿਸੇ ਨੇ ਜੇਲ੍ਹ ਅੰਦਰ ਮੋਬਾਇਲ ਫੋਨ ਦੀ ਵਰਤੋਂ ਕੀਤੀ ਤਾਂ ਬਖਸ਼ਿਆ ਨਹੀਂ ਜਾਵੇਗਾ।
ਜੇਲ੍ਹ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨਾਲ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਸਿੱਧੇ ਤਾਰ ਨਹੀਂ ਜੁੜ ਰਹੇ ਪਰ ਫਿਰ ਵੀ ਉਨ੍ਹਾਂ ਵਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸੂਬੇ ਦੇ ਲੋਕਾਂ ਨਾਲ ਵਾਅਦਾ ਹੈ ਕਿ ਸੂਬੇ ਦੀਆਂ ਜੇਲ੍ਹਾਂ ਨੂੰ ਮੋਬਾਇਲ ਫੋਨ ਮੁਕਤ ਕੀਤਾ ਜਾਵੇਗਾ ਅਤੇ ਅਸੀਂ ਇਹ ਹਰ ਹਾਲ ਵਿਚ ਕਰਾਂਗੇ।