ਮਹਿੰਦਰਪਾਲ ਬਿੱਟੂ ਦੀ ਹੱਤਿਆ ਨਾਲ ਦਫ਼ਨ ਹੋਏ ਕੋਟਕਪੂਰਾ ਗੋਲੀਕਾਂਡ ਦੇ ਕਈ ਰਾਜ਼ - ਮਹਿੰਦਰਪਾਲ ਬਿੱਟੂ
ਮਹਿੰਦਰਪਾਲ ਬਿੱਟੂ ਦੀ ਹੱਤਿਆ ਨਾਲ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਹੋਈ ਪ੍ਰਭਾਵਿਤ, ਜਲਦੀ ਹੀ ਮਹਿੰਦਰਪਾਲ ਬਿੱਟੂ ਨਾਲ ਕੀਤੀ ਜਾਣੀ ਸੀ ਪੁੱਛਗਿਛ।
ਫਰੀਦਕੋਟ/ਲੁਧਿਆਣਾ: ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁੱਖ ਮੈਂਬਰ ਅਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੀ ਹੱਤਿਆ ਨਾਲ ਜਾਂਚ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਕੋਟਕਪੂਰਾ ਗੋਲੀਕਾਂਡ ਵਿੱਚ ਐਸਆਈਟੀ ਵਲੋਂ ਛੇਤੀ ਹੀ ਮਹਿੰਦਰਪਾਲ ਸਿੰਘ ਬਿੱਟੂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਦੱਸ ਦਈਏ ਕਿ ਨਾਭਾ ਜੇਲ 'ਚ ਦੋ ਕੈਦੀਆਂ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨੇ ਬੀਤੇ ਸ਼ਨੀਵਾਰ ਨੂੰ ਬਰਗਾੜੀ ਬੇਅਦਬੀ ਮਾਮਲੇ ਦੀ ਸਾਜ਼ਿਸ਼ ਦੇ ਮੁੱਖ ਮੁਲਜ਼ਮ ਤੇ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਸਿੰਘ ਉਰਫ਼ ਬਿੱਟੂ ਦਾ ਕਤਲ ਕਰ ਦਿੱਤਾ। ਬਿੱਟੂ ਨੂੰ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਪਿਛਲੇ ਸਾਲ 8 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ।
ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਹਰਿਆਣਾ ਜੇਲ੍ਹ ਦੇ ਅਧਿਕਾਰੀਆਂ ਤੋਂ ਇੱਕ ਚਿੱਠੀ ਪ੍ਰਾਪਤ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਐਸਆਈਟੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਸਿਰਸੇ ਦੇ ਪ੍ਰਮੁੱਖ ਰਾਮ ਰਹੀਮ ਤੋਂ ਪੁੱਛਗਿਛ ਦੀ ਮਨਜ਼ੂਰੀ ਦੇ ਦਿੱਤੀ ਸੀ।
ਉਸ ਤੋਂ ਪੁੱਛਗਿਛ ਕਰਨ ਤੋਂ ਪਹਿਲਾਂ ਐਸਆਈਟੀ ਨੇ ਇਸ ਹਫ਼ਤੇ ਨਾਭਾ ਜੇਲ੍ਹ ਵਿੱਚ ਬੰਦ ਮਹਿੰਦਰਪਾਲ ਬਿੱਟੂ ਨੂੰ ਜਾਂਚ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸਦੀ ਹੱਤਿਆ ਹੋ ਗਈ।
ਜ਼ਿਕਰਯੋਗ ਹੈ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗੁਵਾਈ ਵਿੱਚ ਐਸਆਈਟੀ ਨੇ ਬੀਤੀ 27 ਮਈ 2019 ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਰੋਹਤਕ ਜੇਲ੍ਹ ਅਧਿਕਾਰੀਆਂ ਦੇ ਅਸਹਿਯੋਗ ਦੇ ਕਾਰਨ ਉਨ੍ਹਾਂ ਦੀ ਟੀਮ 2 ਅਪ੍ਰੈਲ 2019 ਨੂੰ ਗੁਰਮੀਤ ਰਾਮ ਰਹੀਮ ਤੋਂ ਪੁੱਛਗਿਛ ਨਹੀਂ ਕਰ ਸਕੀ ਸੀ।
ਚਾਰਜਸ਼ੀਟ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਰੋਹਤਕ ਦੇ ਡਿਪਟੀ ਕਮਿਸ਼ਨਰ, ਜੇਲ੍ਹ ਪ੍ਰਧਾਨ ਸਮੇਤ ਹੋਰ ਉੱਚ ਜੇਲ੍ਹ ਅਧਿਕਾਰੀਆਂ ਨੇ ਜਾਣਬੂਝ ਕੇ ਡੇਰਾ ਪ੍ਰਮੁੱਖ ਤੋਂ ਜਾਂਚ ਕਰਨ ਸਬੰਧੀ ਫਰੀਦਕੋਟ ਅਦਾਲਤ ਵਲੋਂ ਦਿੱਤੇ ਆਦੇਸ਼ ਨੂੰ ਨਹੀਂ ਮੰਨਿਆ ਸੀ।