ਫਰੀਦਕੋਟ: ਕੋਰੋਨਾ ਵਾਇਰਸ ਦੇ ਚਲਦਿਆਂ ਹਰ ਕੰਮ ਕਰ ਠੱਪ ਹੋ ਗਿਆ ਹੈ ਅਤੇ ਲੌਕਡਾਊਨ ਕਾਰਨ ਬਾਹਰਲੇ ਸੂਬਿਆਂ ਵਿੱਚ ਮਿਹਨਤ ਮਜਦੂਰੀ ਕਰਨ ਗਏ ਮਜਦੂਰ ਉੱਥੇ ਹੀ ਰਹਿ ਗਏ ਸਨ ਅਤੇ ਉਨ੍ਹਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਲਗਾਤਾਰ ਪੀਆਰਟੀਸੀ ਦੀਆਂ ਬੱਸਾਂ ਭੇਜੀਆਂ ਜਾ ਰਹੀਆਂ ਹਨ।
ਜੇ ਮੈਡੀਕਲ ਨਾ ਹੋਇਆ ਤਾਂ ਭੁੱਖ ਹੜਤਾਲ 'ਤੇ ਬੈਠਾਂਗੇ: ਡਰਾਈਵਰ ਪੀਆਰਟੀਸੀ ਦੇ ਠੇਕੇਦਾਰੀ ਸਿਸਟਮ ਦੇ ਤਹਿਤ ਕੰਮ ਕਰ ਰਹੇ ਡਰਾਈਵਰ ਲਗਾਤਾਰ 2000 ਕਿਲੋਮੀਟਰ ਆਉਣ ਜਾਣ ਦੀ ਦੂਰੀ ਤੈਅ ਕਰ ਇਨ੍ਹਾਂ ਮਜਦੂਰਾਂ ਨੂੰ ਵੱਖ-ਵੱਖ ਜ਼ਿਲ੍ਹਿਆ ਵਿੱਚ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਇਸ ਤਰ੍ਹਾਂ ਹੀ ਦੂਜੇ ਸੂਬਿਆਂ ਤੋਂ ਫਰੀਦਕੋਟ ਵਿੱਚ ਵੀ ਮਜਦੂਰਾਂ ਨੂੰ ਲਿਆਂਦਾ ਗਿਆ ਅਤੇ ਇਨ੍ਹਾਂ ਨੂੰ ਲਿਆਉਣ ਵਾਲੇ ਬੱਸ ਡਰਾਈਵਰਾਂ ਦਾ ਸਰਕਾਰ ਪ੍ਰਤੀ ਗੁੱਸਾ ਸਾਹਮਣੇ ਆਇਆ ਹੈ। ਫਰੀਦਕੋਟ ਪੀਆਰਟੀਸੀ ਦੇ ਲਗਭਗ 30 ਡਰਾਈਵਰ ਅਤੇ ਕੰਡਕਟਰ ਹਨ ਜਿਨ੍ਹਾਂ ਦਾ ਕਹਿਣਾ ਹੈ ਉਹ ਮਜਦੂਰਾਂ ਨੂੰ ਵੱਖ-ਵੱਖ ਸੂਬਿਆਂ ਵਿਚੋਂ ਲੈ ਕੇ ਆਏ ਹਨ। ਉਨ੍ਹਾਂ ਨੂੰ ਨਾ ਹੀ ਰਸਤੇ ਵਿੱਚ ਰੋਟੀ ਖਾਣ ਨੂੰ ਮਿਲੀ ਨਾ ਹੀ ਮਾਸਕ ਅਤੇ ਨਾ ਹੀ ਸੈਨੇਟਾਈਜ਼ਰ ਤੇ ਨਾ ਹੀ ਕੋਈ ਹੋਰ ਸਹੂਲਤ। ਉਹ ਜਦੋਂ ਫਰੀਦਕੋਟ ਪਹੁੰਚੇ ਤਾਂ ਉਨ੍ਹਾਂ ਦਾ ਕੋਈ ਮੈਡੀਕਲ ਵੀ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਵਿੱਚ ਇਸ ਗੱਲ ਨੂੰ ਲੈ ਕੇ ਸਰਕਾਰ ਪ੍ਰਤੀ ਰੋਸ ਹੈ।
ਇਸ ਮੌਕੇ ਡਰਾਈਵਰ ਰਣਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਡਰ ਹੈ ਜੇ ਉਨ੍ਹਾਂ ਨੂੰ ਇਹ ਬਿਮਾਰੀ ਲਗਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇਹ ਬਿਮਾਰੀ ਹੋ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 50 ਲੱਖ ਦਾ ਬੀਮਾ ਕੀਤਾ ਜਾਣਾ ਚਾਹੀਦਾ ਹੈ। ਜੇ ਉਨ੍ਹਾਂ ਦਾ ਮੈਡੀਕਲ ਨਾ ਹੋਇਆ ਤਾਂ ਉਹ ਭੁੱਖ ਹੜਤਾਲ ਉੱਤੇ ਬੈਠਣਗੇ।
ਇਸ ਮੌਕੇ ਜਦੋਂ ਪੀਆਰਟੀਸੀ ਦੇ ਜਰਨਲ ਮੈਨੇਜਰ ਸ਼ਿੰਗਾਰਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮੰਗ ਉੱਤੇ 10 ਗੱਡੀਆਂ ਭੇਜੀਆਂ ਗਈਆਂ ਸਨ ਅਤੇ ਉਨ੍ਹਾਂ ਵਿਚੋਂ 9 ਆ ਗਈਆਂ ਹਨ। ਉਨ੍ਹਾਂ ਦੇ ਮੁਲਾਜ਼ਮਾਂ ਦਾ ਮੈਡੀਕਲ ਕਰਾਉਣ ਲਈ ਸਿਹਤ ਵਿਭਾਗ ਨਾਲ ਗੱਲ ਹੋ ਗਈ ਹੈ ਜੋ ਕਿ ਛੇਤੀ ਹੀ ਕਰਵਾਇਆ ਜਾਵੇਗਾ।