ਫ਼ਰੀਦਕੋਟ: ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪੰਜਾਬ ਲਈ ਖ਼ਾਸ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਤਿਉਹਾਰ ਮਾਘ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ, ਇਸ ਤਹਿਤ ਹੀ ਅਸੀਂ ਤੁਹਾਨੂੰ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ। ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਪਾ:10ਵੀਂ ਦੇ।
ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਦੱਸ ਦਈਏ, ਗੁਰੂ ਗੋਬਿੰਦ ਸਿੰਘ ਜੀ ਦੋਦਾ ਤਾਲ (ਗੁਰੂ ਕੀ ਢਾਬ) ਤੋਂ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਵੱਲ ਨੂੰ ਜਾਂਦੇ ਹੋਏ ਸੰਮਤ 1763 ਬਿਕ੍ਰਮੀ ਨੂੰ ਵਿਸਾਖ ਦੇ ਮਹੀਨੇ 2 ਵਿਸਾਖ 15 ਅਪ੍ਰੈਲ ਦਿਨ ਸੋਮਵਾਰ ਨੂੰ ਜੈਤੋ ਦੀ ਜੂਹ ਵਿਚ ਪੁੱਜੇ ਸਨ। ਇਸ ਤੋਂ ਬਾਅਦ ਦਸਮ ਪਾਤਸ਼ਾਹ ਨੇ 19 ਅਪ੍ਰੈਲ 1706 ਈਸਵੀ ਨੂੰ ਚੰਦ ਗ੍ਰਹਿਣ ਦੀ ਪੁੰਨਿਆਂ ਦਾ ਪੁਰਬ ਜੈਤੋ ਵਿਖੇ ਮਨਾਇਆ।
ਇਹ ਵੀ ਪੜ੍ਹੋ:ਗੁਰਦੁਆਰਾ 'ਗੁਰੂ ਕੀ ਢਾਬ' ਦਾ ਸ਼ਾਨਮੱਤਾ ਇਤਿਹਾਸ
ਇਤਿਹਾਸਕਾਰਾਂ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ ਜੈਤੋ ਤੋਂ ਬਾਹਰ ਇੱਕ ਉੱਚੀ ਟਿੱਬੀ 'ਤੇ ਡੇਰੇ ਲਾਏ ਤੇ ਇੱਥੇ ਹੀ ਸਿੰਘਾਂ ਨੂੰ ਤੀਰ ਅੰਦਾਜ਼ੀ ਦਾ ਅਭਿਆਸ ਕਰਵਾਇਆ। ਇਸ ਦੇ ਨਾਲ ਹੀ ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਤੇ ਦੀਵਾਨ ਸਜਾਇਆ, ਸ਼ਾਮ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਜੀ ਨੇ ਅੱਗੇ ਚਾਲੇ ਪਾਏ।
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਟਿੱਬੀ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਅਜਾਇਬ ਸਿੰਘ ਨੇ ਦਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਸ ਥਾਂ 'ਤੇ ਆਏ ਤਾਂ ਉਨ੍ਹਾਂ ਨੇ ਜੈਤੋ ਪਿੰਡ ਦੇ ਲੋਕਾਂ ਨੂੰ ਆਪਣੇ ਕੋਲ ਬੁਲਾਇਆ ਪਰ ਲੋਕ ਇਕੱਲੇ-ਇਕੱਲੇ ਹੀ ਗੁਰੂ ਜੀ ਕੋਲ ਪਹੁੰਚੇ ਸਨ। ਇਸ ਦੇ ਚੱਲਦਿਆਂ ਉਸ ਵੇਲੇ ਗੁਰੂ ਜੀ ਨੇ ਅਚਨਚੇਤ ਜੈਤੋ ਪਿੰਡ ਲਈ ਵਾਕ ਕੀਤਾ ਕਿ "ਜੈਤੋ ਖੈਤੋ ਬਿਨ ਪੰਚਾਇਤੋਂ" ਭਾਵ ਜੈਤੋ ਦੇ ਲੋਕਾਂ ਵਿਚ ਆਪਸੀ ਏਕਤਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਹੁਣ ਵੀ ਜੈਤੋ ਪਿੰਡ ਦੀ ਪੰਚਾਇਤ ਨਹੀਂ ਹੈ। ਗ੍ਰੰਥੀ ਸਿੰਘ ਨੇ ਅੱਗੇ ਦੱਸਿਆ ਕਿ ਇਸ ਧਰਤੀ 'ਤੇ ਹੁਣ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੋਈ ਹੈ, ਤੇ ਹਰ ਸਾਲ ਇਥੇ 101 ਅਖੰਡ ਪਾਠਾਂ ਦੀ ਲੜੀ 12 ਫਰਵਰੀ ਤੋਂ ਸ਼ੁਰੂ ਹੁੰਦੀ ਹੈ, ਤੇ 21 ਫਰਵਰੀ ਨੂੰ ਭੋਗ ਪਾਏ ਜਾਂਦੇ ਹਨ ਅਤੇ ਭਾਰੀ ਸ਼ਹੀਦੀ ਜੋੜ ਮੇਲਾ ਲਗਦਾ ਹੈ।
ਸ਼ਰਧਾਲੂਆਂ ਦੇ ਦੱਸਣ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਸ ਧਰਤੀ 'ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦਾ ਖ਼ੂਨ ਵੀ ਡੁੱਲ੍ਹਿਆ ਹੋਇਆ ਹੈ। ਸ਼ਰਧਾਲੂਆਂ ਮੁਤਾਬਿਕ ਜਦੋਂ 21 ਫਰਵਰੀ 1924 ਨੂੰ ਜੈਤੋ ਦਾ ਮੋਰਚਾ ਲੱਗਿਆ ਤਾਂ ਅੰਗਰੇਜ਼ ਹਕੂਮਤ ਵੱਲੋਂ ਇਥੇ ਵੱਡੀ ਗਿਣਤੀ ਵਿਚ ਸਿੱਖ ਸ਼ਹੀਦ ਕੀਤੇ ਗਏ ਸਨ। ਇਸੇ ਲਈ ਇੱਥੇ ਗੁਰਦੁਆਰਾ ਸ਼ਹੀਦ ਗੰਜ ਟਿੱਬੀ ਸਾਹਿਬ ਸ਼ਸ਼ੋਬਿਤ ਹੈ।