ਫ਼ਰੀਦਕੋਟ: ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਪੰਜਾਬ ਲਈ ਖ਼ਾਸ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ ਤੇ 40 ਮੁਕਤਿਆਂ ਦੀ ਯਾਦ ਵਿੱਚ ਇਹ ਤਿਉਹਾਰ ਮਾਘ ਮਹੀਨੇ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ, ਇਸ ਤਹਿਤ ਹੀ ਅਸੀਂ ਤੁਹਾਨੂੰ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ। ਆਓ ਤੁਹਾਨੂੰ ਦਰਸ਼ਨ ਕਰਵਾਈਏ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਦੇ।
‘ਸੂਰਜ ਪ੍ਰਕਾਸ਼’ ਗਰੰਥ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਸੰਗਤ ਸਮੇਤ ਇਸ ਸਥਾਨ ‘ਤੇ ਮੌਜੂਦ ਸ਼ਰੀਂਹ ਦੇ ਇੱਕ ਵੱਡੇ ਦਰੱਖਤ ਹੇਠਾਂ ਆ ਕੇ ਬੈਠ ਗਏ। ਸਾਰੀ ਸੰਗਤ ਆਰਾਮ ਕਰ ਰਹੀ ਸੀ ਕਿ ਸ਼ਰੀਂਹ ਦੇ ਦਰੱਖਤ ਵਿਚੋਂ ਇੱਕ ਵਿਅਕਤੀ ਨਿੱਕਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ।
ਗੁਰੂ ਜੀ ਨੇ ਉਸ ਦਾ ਨਾਂਅ ਲੈ ਕੇ ਕਿਹਾ ‘ਰਾਜ਼ੀ ਹੈਂ ਹੁਸੈਨ ਮੀਆਂ’ ਤਾਂ ਉਹ ਵਿਅਕਤੀ ਗੁਰੂ ਜੀ ਦੇ ਮੁੱਖ ‘ਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ, ‘ਆਪ ਜੀ ਦੇ ਦਰਸ਼ਨਾਂ ਦੀ ਬੜੇ ਚਿਰ ਤੋਂ ਤਾਂਘ ਸੀ। ਤੁਹਾਡਾ ਦੀਦਾਰ ਕਰਕੇ ਮੈਨੂੰ ਅਥਾਹ ਪ੍ਰਸੰਨਤਾ ਹੋਈ ਹੈ। ਮੈਨੂੰ ਲੱਗਦਾ ਜਿਵੇਂ ਮੇਰੇ ਪਾਪਾਂ ਦਾ ਨਾਸ਼ ਹੋ ਗਿਆ ਹੋਵੇ ਅਤੇ ਮੇਰਾ ਕਲਿਆਣ ਹੋ ਗਿਆ ਹੋਵੇ।