ਫਰੀਦਕੋਟ :ਪੰਜਾਬ ਦੇ ਤਿੰਨ ਜ਼ਿਲ੍ਹਿਆ ਵਿੱਚ ਸਰਕਾਰ ਨੇ ਆਰਜੀ ਲਿਫਟ ਪੰਪਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਫਰੀਦਕੋਟ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਕਰੀਬ 88,000 ਏਕੜ ਜ਼ਮੀਨ ਬੰਜਰ ਹੋ ਜਾਵੇਗੀ। ਆਪਣੀਆਂ ਜ਼ਮੀਨਾਂ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਕਿਸਾਨਾਂ ਵੱਲੋਂ ਸਰਕਾਰ ਦੇ ਇਸ ਫੈਸਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਫੈਸਲਾ ਵਾਪਿਸ ਨਾ ਲਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ।
ਨਰਮੇ ਦੀ ਫਸਲ ਤੋਂ ਬਾਅਦ ਝੋਨੇ ਦੀ ਖੇਤੀ ਕਰਨ ਦਾ ਲਿਆ ਫੈਸਲਾ:ਦਰਅਸਲ ਫਿਰੋਜ਼ਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਸਰਹਿੰਦ ਫੀਡਰ ਨਹਿਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਚੰਗਾ ਨਹੀਂ ਹੈ, ਜਿਸ ਨੂੰ ਫਸਲਾਂ ਦੀ ਸਿੰਚਾਈ ਲਈ ਨਹੀਂ ਵਰਤਿਆ ਜਾ ਸਕਦਾ। 1995 ਦੇ ਦਹਾਕੇ ਤੋਂ ਪਹਿਲਾਂ ਇਹਨਾਂ ਜ਼ਿਲ੍ਹਿਆਂ ਦੇ ਪਿੰਡਾਂ 'ਚ ਨਰਮੇ ਦੀ ਖੇਤੀ ਹੁੰਦੀ ਸੀ ਅਤੇ ਉਸ ਵਕਤ ਪਾਣੀ ਦੀ ਬਹੁਤੀ ਜ਼ਿਆਦਾ ਲੋੜ ਨਾਂ ਹੋਣ ਕਾਰਨ ਸਰਹਿੰਦ ਕੈਨਾਲ ਸਰਕਲ ਲੁਧਿਆਣਾ ਰਾਹੀਂ ਇਹਨਾਂ ਜ਼ਿਲ੍ਹਿਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੁਰਾਣੇ ਹਿਸਾਬ ਨਾਲ ਖੇਤਾਂ ਦੀ ਸਿੰਚਾਈ ਲਈ ਪਾਣੀ ਮਿਲਦਾ ਸੀ। ਪਰ ਹੋਲੀ-ਹੋਲੀ ਨਰਮੇ ਦੀ ਫਸਲ ਸੁੰਢੀ, ਚਿੱਟੀ ਮੱਖੀ ਤੇ ਹੋਰ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੀ, ਜਿਸ ਤੋਂ ਅੱਕੇ ਕਿਸਾਨਾਂ ਨੇ ਨਰਮਾ ਲਗਾਉਣਾ ਛੱਡ ਦਿੱਤਾ ਤੇ ਝੋਨੇ ਵੱਲ ਰੁਖ ਕਰ ਲਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਹੁਣ ਸਰਕਾਰ ਇਹ ਪੰਪ ਬੰਦ ਕਰ ਦੇਵੇਗੀ ਤਾਂ ਉਹ ਬੇਜ਼ਮੀਨੇ ਹੋ ਜਾਣਗੇ ਤੇ ਆਪਣਾ ਪਰਿਵਾਰ ਦਾ ਗੁਜ਼ਾਰਾ ਵੀ ਨਹੀਂ ਚਲਾ ਸਕਣਗੇ।