ਫੌਜੀ ਨੂੰ ਦੋਸਤ ਨੇ ਠੱਗਿਆ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਆਤਮਦਾਹ ਦੀ ਚੇਤਾਵਨੀ - ਫਰੀਦਕੋਟ
ਸਾਬਕਾ ਫੌਜੀ ਨਾਲ ਉਸ ਦੇ ਦੋਸਤ ਨੇ 21 ਲੱਖ ਰੁਪਏ ਦੀ ਠੱਗੀ ਮਾਰ ਲਈ। ਪੀੜ੍ਹਤ ਫੌਜੀ ਨੇ ਇਨਸਾਫ਼ ਨਾ ਮਿਲਣ 'ਤੇ ਆਤਮਦਾਹ ਕਰਨ ਦੀ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ, ਮੁਲਜ਼ਮ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਪੈਸੇ ਵਾਪਸ ਦਿੱਤੇ ਜਾਣ ਦੀ ਗੱਲ ਕਹੀ ਹੈ।
ਫਰੀਦਕੋਟ: ਕਾਰਗਿਲ ਦੀ ਜੰਗ 'ਚ ਦੁਸ਼ਮਣਾ ਨੂੰ ਧੂੜ ਚਟਾਉਣ ਵਾਲਾ ਫੌਜੀ ਆਪਣੇ ਬਚਪਨ ਦੇ ਦੋਸਤ ਤੋਂ ਮਾਰ ਖਾ ਗਿਆ। ਨਛੱਤਰ ਸਿੰਘ ਨਾਂਅ ਦੇ ਸਾਬਕਾ ਫੌਜੀ ਤੋਂ ਉਸ ਦੇ ਦੋਸਤ ਨੇ 21 ਲੱਖ ਰੁਪਏ ਦੀ ਠੱਗੀ ਮਾਰ ਲਈ। ਆਪਣੇ ਹੱਕ ਦੀ ਕਮਾਈ ਵਾਪਸ ਲੈਣ ਲਈ ਫੌਜੀ ਨੇ ਪੁਲਿਸ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਦੇ ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪੁਲਿਸ ਨੇ ਉਸ ਦੀ ਮਦਦ ਨਾ ਕੀਤੀ ਤੇ ਉਸ ਨੂੰ ਉਸ ਦੇ ਪੈਸੇ ਨਾ ਮਿਲੇ ਤਾਂ ਉਹ ਆਪਣੇ ਪਰਿਵਾਰ ਸਣੇ ਆਤਮਦਾਹ ਕਰ ਲਵੇਗਾ।
ਸਾਬਕਾ ਫੌਜੀ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੇ ਬਚਪਨ ਦੇ ਸਾਥੀ ਰਾਜਬੀਰ ਸਿੰਘ ਨੇ ਉਸ ਤੋਂ ਬੈਂਕ ਤੋਂ ਲਈ ਗਈ ਲਿਮਿਟ ਭਰਨ ਲਈ 21 ਲੱਖ ਦੀ ਮੰਗ ਕੀਤੀ। ਨਛੱਤਰ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਤੇ ਰਾਜਬੀਰ ਦੀ ਔਖੇ ਵੇਲੇ ਮਦਦ ਕਰ ਦਿੱਤੀ ਪਰ ਨਛੱਤਰ ਸਿੰਘ ਦਾ ਦੋਸ਼ ਹੈ ਕਿ ਰਾਜਬੀਰ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ। ਨਛੱਤਰ ਨੇ ਦੱਸਿਆ ਕਿ ਰਾਜਬੀਰ ਨੇ ਠੱਗੀ ਮਾਰਨ ਲਈ ਇੱਕ ਜਾਅਲੀ ਇਕਰਾਰਨਾਮਾ ਤਿਆਰ ਕੀਤਾ ਜਿਸ ਵਿੱਚ ਉਸਨੇ ਇੱਕ ਪਲਾਟ ਦਾ ਸੌਦਾ ਲਿਖਿਆ ਅਤੇ ਉਸ ਉੱਤੇ ਨਛੱਤਰ ਦੇ ਹਸਤਾਖਰ ਵੀ ਜਾਅਲੀ ਕਰ ਦਿੱਤੇ। ਵਾਰ-ਵਾਰ ਪੈਸੇ ਮੰਗਣ ਤੋਂ ਬਾਅਦ ਜਦ ਰਾਜਬੀਰ ਨੇ ਪੈਸੇ ਨਾ ਦਿੱਤੇ ਤਾਂ ਨਛੱਤਰ ਸਿੰਘ ਪੁਲਿਸ ਕੋਲ ਪਹੁੰਚਿਆ। ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਵਿੱਚ ਜਦੋਂ ਮੁਲਜ਼ਮ ਰਾਜਬੀਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕੈਮਰੇ ਦੇ ਸਾਹਮਣੇ ਆਉਣ ਦੀ ਬਜਾਏ ਫੋਨ ਉੱਤੇ ਹੀ ਆਪਣਾ ਪੱਖ ਦੱਸਿਆ। ਉਸਨੇ ਕਿਹਾ ਕਿ ਉਸ ਉੱਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ ਕਿਉਂਕਿ ਨਛੱਤਰ ਸਿੰਘ ਦਾ ਉਸ ਨਾਲ ਇੱਕ ਪਲਾਟ ਦਾ ਸੌਦਾ ਹੋਇਆ ਸੀ ਜਿਸਦੀ ਏਵਜ ਵਿੱਚ ਉਸਨੇ 21 ਲੱਖ ਦਿੱਤੇ ਸਨ ਪਰ ਉਸ ਵਿੱਚੋ ਉਸਨੇ 6 ਲੱਖ ਵਾਪਸ ਲੈ ਲਏ ਇਹ ਕਹਿ ਕੇ ਉਸਨੇ ਆਪਣੇ ਬੇਟੇ ਨੂੰ ਬਾਹਰ ਭੇਜਣਾ ਹੈ ਜੋ ਉਸਨੂੰ ਬੈਂਕ ਰਾਹੀਂ ਵਾਪਸ ਕੀਤੇ ਗਏ ਸਨ ਅਤੇ ਬਾਕੀ 15 ਲੱਖ ਰੁਪਏ ਪਲਾਟ ਲਈ ਸਨ।
ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਐਸਐਸਪੀ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।