ਫਰੀਦਕੋਟ:ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਰੀਬ 1 ਸਾਲ ਤੋਂ ਵੱਧ ਸਮੇਂ ਤੱਕ ਚੱਲੇ ਕਿਸਾਨੀ ਸੰਘਰਸ਼ ਤੋਂ ਬਾਅਦ ਹੁਣ ਮੁੜ ਤੋਂ ਕਿਸਾਨੀ ਸੰਘਰਸ ਸੁਰੂ ਹੋ ਸਕਦਾ ਹੈ। ਦੱਸ ਦਈਏ ਕਿ ਬੀਬੀਐਮਬੀ ਦੇ ਮੁੱਦੇ ’ਤੇ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਕੇਂਦਰ ਸਰਕਾਰ ਦੇ ਖਿਲਾਫ ਮੁੜ ਤੋਂ ਆਰਪਾਰ ਦੀ ਲੜਾਈ ਸ਼ੁਰੂ ਕਰ ਸਕਦੇ ਹਨ।
ਇਸੇ ਦੇ ਚੱਲਦੇ ਫਰੀਦਕੋਟ ਵਿਚ ਸੰਯੁਕਤ ਕਿਸਾਨ ਮੋਰਚੇ ਦੀਆਂ ਭਾਈਵਾਲ ਕਿਸਾਨ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਬਾਹਰ ਧਰਨਾ ਲਗਾ ਕੇ ਜਿੱਥੇ ਬੀਬੀਐਮਬੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਮੁੜ ਤੋਂ ਕਿਸਾਨ ਸੰਘਰਸ਼ ਸੁਰੂ ਹੋਣ ਦੀਆਂ ਸੰਭਾਵਨਾਂ ਵੀ ਜਾਹਰ ਕੀਤੀਆਂ।
ਮੁੜ ਸੁਰੂ ਹੋ ਸਕਦਾ ਵੱਡਾ ਕਿਸਾਨ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਗੋਲੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਕੇਂਦਰੀ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋ ਲੜੀ ਗਈ ਲੜਾਈ ਦਾ ਬਦਲਾ ਲੈਣ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਬਦਲਾ ਲਊ ਨੀਤੀ ਨਾਲ ਕੰਮ ਕਰ ਰਹੀ ਹੈ ਅਤੇ ਬੀਬੀਐਮਬੀ ਵਿਚੋਂ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਖ਼ਤਮ ਕਰਨਾ ਵੀ ਕਿਸਾਨਾਂ ਖਿਲਾਫ ਵੱਡੀ ਕਾਰਵਾਈ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਆਂਪਣੀਆਂ ਚਾਲਾਂ ਚੱਲ ਕੇ ਸੂਬਿਆਂ ਤੋਂ ਹੱਕ ਖੋਹੇ ਜਾ ਰਹੇ ਹਨ ਜਿਸ ਖਿਲਾਫ ਕਿਸਾਨ ਚੁੱਪ ਨਹੀਂ ਬੈਠਣਗੇ। ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜਲਦ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਉਕਤ ਮੁੱਦਿਆ ਬਾਰੇ ਵਿਚਾਰ ਚਰਚਾ ਕਰ ਕੇ ਸੰਘਰਸ ਦੀ ਰੂਪ ਰੇਖਾ ਉਲੀਕੀ ਜਾਵੇਗੀ ਅਤੇ ਇਸਵਾਰ ਦਾ ਸੰਘਰਸ਼ ਕੇਂਦਰ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ।
ਦੂਜੇ ਪਾਸੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਹਮੇਸ਼ਾ ਪੰਜਾਬ ਨਾਲ ਧੱਕੇਸਾਹੀ ਕਰਦੀ ਆਈ ਹੈ ਅਤੇ ਇਸੇ ਧੱਕੇਸ਼ਾਹੀ ਦੇ ਚਲਦਿਆ ਕੇਂਦਰ ਨੇ ਪੰਜਾਬ ਦਾ ਹੱਕ ਖੋਹ ਕੇ ਪੰਜਾਬ ਦੇ ਡੈਂਮਾਂ ’ਤੇ ਕਬਜਾ ਕਰ ਪਹਿਲਾਂ ਤਾਂ ਬੀਬੀਐਮਬੀ ਬੋਰਡ ਹੀ ਨਿਯਮਾਂ ਦੇ ਉਲਟ ਬਣਾਇਆ ਅਤੇ ਹੁਣ ਬੀਬੀਐਮਬੀ ਵਿਚੋਂ ਪੰਜਾਬ ਨੂੰ ਬਾਹਰ ਕਰ ਸੂਬਿਆ ਦੇ ਹੱਕਾਂ ’ਤੇ ਜਿਥੇ ਡਾਕਾ ਮਾਰਿਆ ਉੱਥੇ ਹੀ ਕੇਂਦਰ ਨੇ ਪੰਜਾਬ ਦੇ ਕਿਸਾਨਾਂ ਖਿਲਾਫ ਇਹ ਵੱਡੀ ਸਾਜਿਸ਼ ਵਿੱਢੀ ਹੈ।
ਉਹਨਾਂ ਕਿਹਾ ਕਿ 14 ਮਾਰਚ ਨੂੰ ਸੰਯੂਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਬੀਬੀਐਮਬੀ ਸਮੇਤ ਕਿਸਾਨਾਂ ਦੇ ਮਸਲਿਆਂ ਤੇ ਸੰਘਰਸ ਵਿੱਢਣ ਲਈ ਵਿਚਾਰ ਚਰਚਾ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਇਕੱਜੁਟ ਹੋ ਕੇ ਕੇਂਦਰ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਅਤੇ ਸੂਬਿਆ ਦੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦੇਵਾਂਗੇ।
ਇਹ ਵੀ ਪੜੋ:BBMB 'ਚੋਂ ਪੰਜਾਬ ਨੂੰ ਬਾਹਰ ਕਰਨ ਦੇ ਰੋਸ ਵੱਜੋਂ BKU ਉਗਰਾਹਾਂ ਵੱਲੋਂ ਪ੍ਰਦਰਸ਼ਨ