ਫ਼ਰੀਦਕੋਟ: ਪਿੰਡ ਗੋਲੇਵਾਲਾ ਵਿਖੇ ਕੌਮੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਅਗਵਾਈ ਵਿੱਚ ਚੱਕੀ 'ਤੇ ਲਗਾਇਆ ਗਏ ਸਮਾਰਟ ਮੀਟਰ ਨੂੰ ਪੁੱਟ ਕੇ ਪਾਵਰਕੌਮ ਦੇ ਹਵਾਲੇ ਕੀਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਜੇਕਰ ਇਹ ਮੀਟਰ ਲਗਾਏ ਜਾਣਗੇ ਅਸੀਂ ਇਸਨੂੰ ਪੁੱਟਾਂਗੇ। ਕਿਸਾਨ ਆਗੂ ਦੀ ਅਗਵਾਈ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਇਸ ਦੌਰਾਨ ਰੋਸ ਵਿਅਕਤ ਕੀਤਾ ਗਿਆ।
ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਦਿਨ ਚਿੱਪ ਵਾਲੇ ਬਿਜਲੀ ਦੇ ਮੀਟਰ ਲਗਾਏ ਜਾ ਰਹੇ ਹਨ। ਲੋਕ ਪਹਿਲੇ ਦਿਨ ਤੋਂ ਹੀ ਪੁਰਜ਼ੋਰ ਵਿਰੋਧ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਵੀ ਉਹ ਪੰਜਾਬ ਜਾਂ ਸ਼ਹਿਰ ਵਿੱਚ ਕਿਤੇ ਵੀ ਬਿਜਲੀ ਦੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ । ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਡੁੱਬੀ ਹੋਈ ਹੈ ਤੇ ਹੁਣ ਚਿੱਪ ਵਾਲੇ ਮੀਟਰ ਲਗਾ ਕੇ ਪੰਜਾਬ ਦੇ ਲੋਕਾਂ ਤੇ ਵਾਧੂ ਬੋਝ ਪਾ ਰਹੀ ਹੈ।