ਫ਼ਰੀਦਕੋਟ: ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਵੀਰਵਾਰ ਨੂੰ ਤਹਿਸੀਲ ਕੰਪਲੈਕਸ ਵਿੱਚ ਸੂਬਾਈ ਪੱਧਰ ਦਾ ਰੋਸ਼ ਮੁਜ਼ਾਹਰਾ ਕਰ ਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਉਪਰ ਦਰਜ ਐਫ.ਆਈ.ਆਰ. ਰੱਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਯੂਨੀਅਨ 9000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਪਰਾਲੀ ਨੂੰ ਅੱਗ ਨਾ ਲਾਉਣ ਬਦਲੇ ਸਰਕਾਰ ਤੋਂ ਮੰਗ ਕਰਦੀ ਆ ਰਹੀ ਹੈ ਅਤੇ ਹੁਣ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ 100 ਰੁਪਏ ਫੀ ਕੁਇੰਟਲ ਜਿਣਸ ਦੇ ਹਿਸਾਬ ਸੱਤ ਦਿਨਾਂ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਕਿਸਾਨ ਜਥੇਬੰਦੀ ਦੀ ਮੰਗ ਨੂੰ ਤਸਦੀਕ ਕਰਦੇ ਹਨ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕੀਤੀਆਂ ਲਾਲ ਐਂਟਰੀਆਂ ਅਤੇ ਪੁਲਿਸ ਕੇਸ ਰੱਦ ਕੀਤੇ ਜਾਣ। ਪ੍ਰਦੂਸ਼ਣ ਵਿਭਾਗ ਵੱਲੋਂ ਲਾਏ ਜੁਰਮਾਨੇ ਖ਼ਤਮ ਕੀਤੇ ਜਾਣ ਅਤੇ ਸਰਪੰਚਾਂ/ਪੰਚਾਂ/ਨੰਬਰਦਾਰਾਂ ਤੋਂ ਅੱਗ ਲਾਉਣ ਵਾਲੇ ਕਿਸਾਨਾਂ ਦੀ ਕਰਵਾਈ ਜਾ ਰਹੀ ਸ਼ਨਾਖਤ ਇਸ ਲਈ ਬੰਦ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਟੁੱਟਦੀ ਹੈ।
ਉਨ੍ਹਾਂ ਪਿੰਡਾਂ ਦੇ ਮੋਹਤਬਰ ਆਗੂਆਂ ਨੂੰ ਅਜਿਹੀ ਸ਼ਨਾਖਤ ਕਰਨ ਲਈ ਨਾ ਕਰਨ ਦੀ ਗੱਲ ਕਰਦਿਆਂ ਦਲੀਲ ਦਿੱਤੀ ਕਿ ਸੰਕਟ ਦੀ ਘੜੀ ਵਿੱਚ ਮੋਹਤਬਾਰਾਂ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ। ਮੁਜ਼ਾਹਰਾਕਾਰੀਆਂ ਵੱਲੋਂ ਸਰਕਾਰ ਦਾ ਪੱਖ ਕਿਸਾਨ ਤੇ ਦਰਜ਼ ਪਰਚੇ ਨੂੰ ਰੱਦ ਕਰਵਾਉਣ ਦੇ ਸਬੰਧ ਵਿੱਚ ਨਹੀਂ ਦਿਖਾਈ ਦਿੱਤਾ ਤਾਂ ਮੁਜ਼ਾਹਰਾਕਾਰੀਆਂ ਵੱਲੋਂ ਬਠਿੰਡਾ ਫਿਰੋਜ਼ਪੁਰ ਰੇਲਵੇ ਮਾਰਗ ਕਿਸਾਨ ਜਾਮ ਕੀਤਾ ਗਿਆ ਇਸ ਕਾਰਣ ਕੋਟਕਪੂਰਾ ਅਤੇ ਚੰਦ ਰੇਲਵੇ ਸਟੇਸ਼ਨਾਂ ਤੇ ਰੇਲ ਗੱਡੀਆਂ ਗਈਆਂ ਜਿਸ ਕਾਰਣ ਆਮ ਲੋਕਾਂ ਅਤੇ ਰੇਲਵੇ ਮੁਸਫ਼ਰਾਂ ਨੂੰ ਭਾਰੀ ਮੁਸ਼ਕਿਲ ਦਾ ਸਹਾਮਣਾ ਕਰਨਾ ਪਿਆ।
ਖ਼ਬਰ ਲਿਖੇ ਜਾਣ ਤੱਕ ਜ਼ਿਲ੍ਹਾ ਡਿਪਟੀ ਕਮਿਸ਼ਨਰ ਫਰੀਦਕੋਟ, ਐਸ.ਡੀ.ਐਮ. ਜੈਤੋ ਅਤੇ ਤਹਿਸੀਲਦਾਰ ਜੈਤੋ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾਈ ਪ੍ਰਧਾਨ ਜਸਜੀਤ ਸਿੰਘ ਡੱਲਵਾਲ, ਜ਼ਿਲਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਅਤੇ ਯੂਨੀਅਨ ਦੇ ਆਹੁਦੇਵਾਰਾਂ ਦੀ ਬੰਦ ਕਮਰਾ ਮੀਟਿੰਗ ਐਸ.ਡੀ.ਐਮ. ਦਫ਼ਤਰ ਵਿਖੇ ਦੇਰ ਰਾਤ ਚੱਲਦੀ ਰਹੀ। ਕਿਸਾਨ ਜਥੇਬੰਦੀਆਂ ਪ੍ਰਸ਼ਾਸਨ ਦੇ ਫੈਸਲੇ ਦੀ ਉਡੀਕ ਵਿਚ ਰੇਲਵੇ ਮਾਰਗ ਜੈਤੋ (ਗੰਗਸਰ) ਤੇ ਬੈਠੇ ਰਹੇ।
ਐਸ.ਡੀ.ਐੱਮ. ਜੈਤੋ ਨੇ ਕਿਸਾਨਾਂ ਉਪਰ ਦਰਜ ਐਫ.ਆਈ.ਆਰ. ਰੱਦ ਦੇ ਸਬੰਧ ਵਿੱਚ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਸਾਡੇ ਵੱਲੋਂ ਕਿਸਾਨਾ ਦਾ ਮੰਗ ਪੱਤਰ ਪੰਜਾਬ ਸਰਕਾਰ ਦੇ ਵਿਭਾਗ ਕੋਲ ਭੇਜ ਦਿੱਤਾ ਜਾਵੇਗਾ। ਕਿਸਾਨਾ ਵਿਰੱਧ ਐਫ.ਆਈ.ਆਰ. ਰੱਦ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਦਾ ਹੈ।