ਗੜ੍ਹੇਮਾਰੀ ਦੀ ਮਾਰ ਤੋਂ ਬਾਅਦ ਫ਼ਰੀਦਕੋਟ ਦੇ ਕਿਸਾਨਾਂ ਨੂੰ ਨਹੀਂ ਮਿਲਿਆ ਮੁਆਵਜ਼ਾ ਫਰੀਦਕੋਟ:ਪਿਛਲੇ ਮਹੀਨੇ ਪੰਜਾਬ ਭਰ ਦੇ ਵਿੱਚ ਬੇਮੌਸਮੀ ਬਰਸਾਤ ਅਤੇ ਗੜ੍ਹੇਮਾਰੀ ਦੇ ਕਾਰਨ ਕਣਕ ਦੀ ਫਸਲ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਸੀ। ਫਰੀਦਕੋਟ ਜ਼ਿਲ੍ਹੇ ਵਿਚ ਵੀ ਗੜੇਮਾਰੀ ਦੇ ਕਾਰਨ ਜ਼ਿਆਦਾਤਰ ਪਿੰਡਾਂ ’ਚ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀ ਫਸਲ ਨਸ਼ਟ ਹੋ ਗਈ ਅਤੇ ਜ਼ਿਲ੍ਹੇ ਦੇ ਜੈਤੋ ਸਬਡਵੀਜ਼ਨ ਨਾਲ ਸੰਬੰਧਤ ਕਈ ਪਿੰਡਾਂ ਵਿੱਚ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਸੋ ਫੀਸਦੀ ਤੱਕ ਨੁਕਸਾਨ ਹੋ ਗਿਆ। ਇਨਾਂ ਵਿਚ 100 ਫੀਸਦੀ ਨੁਕਸਾਨ ਵਾਲੇ ਪਿੰਡਾਂ ’ਚ ਸ਼ਾਮਲ ਜੈਤੋ ਦੇ ਪਿੰਡ ਸੇਵੇਵਾਲਾ ਦੇ ਕਿਸਾਨ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਮੁਆਵਜੇ ਦਾ ਅਜੇ ਤੱਕ ਇੰਤਜਾਰ ਕਰ ਰਹੇ ਹਨ।
ਕਿਸਾਨਾਂ ਨੇ ਸਰਕਾਰ ਦੇ ਪ੍ਰਤੀ ਰੋਸ ਜਤਾਇਆ : ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੜੇਮਾਰੀ ਤੋਂ ਤੁਰੰਤ ਬਾਅਦ ਗਿਰਦਾਵਰੀ ਕਰਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਅਤੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਵਿਸਾਖੀ ਵਾਲੇ ਦਿਨ ਮੁਆਵਜਾ ਜਾਰੀ ਕਰ ਦਿੱਤਾ ਜਾਵੇਗਾ।ਪਰ ਵਿਸਾਖੀ ਬੀਤਣ ਦੇ ਇੱਕ ਮਹੀਨੇ ਬਾਅਦ ਵੀ ਮੁਆਵਜੇ ਦਾ ਕੁਝ ਪਤਾ ਨਹੀਂ ਚਲ ਰਿਹਾ। ਇਸ ਸੰਬੰਧ ਵਿੱਚ ਗਲਬਾਤ ਕਰਦੇ ਹੋਏ ਪਿੰਡ ਸੇਵੇਵਾਲਾ ਦੇ ਕਿਸਾਨਾਂ ਨੇ ਸਰਕਾਰ ਦੇ ਪ੍ਰਤੀ ਰੋਸ ਜਤਾਇਆ ਕਿ ਮੁਆਵਜ਼ਾ ਨਾ ਮਿਲਣ ਕਾਰਨ ਉਹ ਆਪਣੇ ਖਾਣ ਯੋਗ ਕਣਕ ਖਰੀਦਣ ਤੋਂ ਵੀ ਵਾਂਝੇ ਹਨ। ਇਸ ਮੌਕੇ ਕਿਸਾਨ ਹਰਦੇਵ ਸਿੰਘ ਪਿੰਡ ਸੇਵੇਵਾਲਾ ਨੇ ਕਿਹਾ ਕਿ ਉਸ ਪਾਸ ਤਿੰਨ ਏਕੜ ਜ਼ਮੀਨ ਹੈ ਕਿ ਜਦਕਿ ਚਾਰ ਏਕੜ ਜਮੀਨ ਉਹ ਠੇਕੇ ਤੇ ਵਾਹ ਰਿਹਾ ਸੀ। ਪਰ ਗੜ੍ਹੇਮਾਰੀ ਕਾਰਨ ਸਾਰੀ ਫਸਲ ਖਰਾਬ ਹੋ ਗਈ ਅਤੇ ਉਸ ਦੇ ਖੇਤਾਂ ਵਿਚੋਂ ਪਸ਼ੂਆਂ ਦੇ ਚਾਰੇ ਲਈ ਤੂੜੀ ਵੀ ਨਹੀਂ ਨਿਕਲ ਸਕੀ।
ਫਸਲ ਗੜ੍ਹੇਮਾਰੀ ਕਾਰਨ ਖਰਾਬ ਹੋ ਗਈ:ਭਾਵੇਂ ਸਰਕਾਰ ਦੇ ਪੰਦਰਾਂ ਹਜਾਰ ਰੁਪਏ ਪ੍ਰਤੀ ਏਕੜ ਮੁਆਵਜੇ ਨਾਲ ਉਹਨਾਂ ਦਾ ਘਰ ਪੂਰਾ ਨਹੀਂ ਹੋਵੇਗਾ, ਪ੍ਰੰਤੂ ਗੁਜਾਰੇ ਦਾ ਸਹਾਰਾ ਜਰੂਰ ਬਣ ਜਾਵੇਗਾ। ਸਰਕਾਰ ਨੂੰ ਤੁਰੰਤ ਮੁਆਵਜਾ ਜਾਰੀ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਕਿਸਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਉਸ ਦੀ ਪੰਜ ਏਕੜ ਕਣਕ ਦੀ ਫਸਲ ਗੜ੍ਹੇਮਾਰੀ ਕਾਰਨ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਰੋਟੀ ਰੋਟੀ ਦੇ ਵੀ ਲਾਲੇ ਪੈ ਗਏ ਹਨ। ਬੱਚਿਆਂ ਦੇ ਸਕੂਲਾਂ ਦੀ ਫੀਸਾਂ ਭਰਨ ਲਈ ਵੀ ਉਨ੍ਹਾਂ ਪਾਸ ਪੈਸੇ ਨਹੀਂ ਹਨ ਅਤੇ ਨਵੀਂ ਫਸਲ ਬੀਜਨ ਲਈ ਵੀ ਬੀਜ ਲੈਣ ਨੂੰ ਪੈਸੇ ਨਹੀਂ ਹਨ।
- Tripple Murder in Ludhiana: ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
- ਨਰਕ ਦੀ ਜ਼ਿੰਦਗੀ ! ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਗੀ 'ਚ ਰਹਿ ਰਹੇ ਲੋਕ
- Khanna Road Accident: ਓਵਰਸਪੀਡ ਕਾਰ ਨੇ ਤਿੰਨ ਨੌਜਵਾਨਾਂ ਨੂੰ ਦਰੜਿਆ, ਦੋ ਦੀ ਮੌਤ, ਇੱਕ ਗੰਭੀਰ
ਸਰਕਾਰ ਨੂੰ ਤੁਰੰਤ ਮੁਆਵਜਾ ਦੇਣਾ ਚਾਹੀਦਾ ਹੈ: ਗੁਰਸੇਵਕ ਦੀ ਮਾਤਾ ਜਸਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਮੁਆਵਜਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਅਗਲੀ ਫਸਲ ਬੀਜ ਸਕਣ ਅਤੇ ਆਪਣੇ ਖਾਣ ਲਈ ਕਣਕ ਖਰੀਦ ਸਕਣ।ਇਸ ਤੋਂ ਇਲਾਵਾ ਇਕ ਹੋਰ ਕਿਸਾਨ ਹਰਮੇਲ ਸਿੰਘ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਹੀ ਇਕ ਕਿਸਾਨ ਦੀ 16 ਏਕੜ ਜਮੀਨ ਠੇਕੇ ਤੇ ਲੈ ਕੇ ਵਾਹੀ ਕਰ ਰਿਹਾ ਹੈ ਅਤੇ ਇਸ ਵਾਰ ਗੜੇਮਾਰੀ ਦੇ ਕਾਰਨ ਸਾਰੀ ਦੀ ਸਾਰੀ ਫਸਲ ਖਰਾਬ ਹੋ ਚੁੱਕੀ ਹੈ। ਅਸੀ ਤਾਂ ਸਰਕਾਰ ਦੇ ਮੁਆਵਜੇ ਦੀ ਉਡੀਕ ਕਰ ਰਹੇ ਹਾਂ।
ਗੜੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ: ਇਸ ਮਾਮਲੇ ’ਚ ਕਿਸਾਨ ਆਗੂ ਜਤਿੰਦਰਜੀਤ ਸਿੰਘ ਭਿੰਡਰ ਨੇ ਕਿਹਾ ਕਿ ਜੈਤੋ ਹਲਕੇ ਦੇ ਕਈ ਪਿੰਡਾਂ ਡੋਡ, ਸੇਵੇਵਾਲਾ, ਬਾਜਾਖਾਨ, ਭਗਤੂਆਣਾ ਆਦਿ ’ਚ ਸੋ ਫੀਸਦੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਫੌਕੀ ਬਿਆਨਬਾਜੀ ਹੀ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਅਵਜਾ ਨਹੀਂ ਮਿਲ ਰਿਹਾ ਅਤੇ ਕਿਸਾਨ ਇਸ ਕਾਰਨ ਬਹੁਤ ਪ੍ਰੇਸ਼ਾਨੀ ਦੀ ਹਾਲਤ ਚੋਂ ਲੰਘ ਰਹੇ ਹਨ। ਉਧਰ ਇਸ ਬਾਬਤ ਜਦੋਂ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਜੈਤੋ ਹਲਕੇ ’ਚ ਗੜੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ ਸੀ। ਜਿਸ ਦੀ ਰਿਪੋਰਟ ਜਿਲਾ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਹੈ। ਕਈ ਪਿੰਡਾਂ ’ਚ ਕਿਸਾਨਾਂ ਨੂੰ ਮੁਆਵਜਾ ਮਿਲ ਚੁੱਕਾ ਹੈ ਅਤੇ ਬਾਕੀ ਪਿੰਡਾਂ ’ਚ ਵੀ ਜਲਦ ਹੀ ਮੁਆਵਜ਼ਾ ਮਿਲ ਜਾਵੇਗਾ।