ਫਰੀਦਕੋਟ: ਜ਼ਿਲ੍ਹੇ ਦੇ ਮਿੰਨੀ ਸਕੱਤਰੇਤ ’ਚ ਐਸਐਸਪੀ ਦਫਤਰ ਦੇ ਬਾਹਰ ਪਿਛਲੇ ਕਰੀਬ 2 ਮਹੀਨੇ ਤੋਂ ਚੱਲ ਰਿਹਾ ਕੌਮੀ ਕਿਸਾਨ ਯੂਨੀਅਨ ਦਾ ਧਰਨਾ ਕਿਸਾਨਾਂ ਨੇ ਅਖੀਰ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਐਸਐਸਪੀ ਫਰੀਦਕੋਟ ਰਾਜਪਾਲ ਸਿੰਘ ਸੰਧੂ ਦੇ ਦਿੱਤੇ ਭਰੋਸੇ ਤੋਂ ਬਾਅਦ ਖਤਮ ਕਰ ਦਿਤਾ ਗਿਆ।
ਦਰਅਸਲ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਖੇਤਾਂ ਚੋ ਪਾਣੀ ਦੀਆਂ ਮੋਟਰਾਂ,ਬਿਜਲੀ ਦੀਆਂ ਕੇਬਲ ਅਤੇ ਟਰਾਂਸਫਾਰਮਰ ਚੋਰੀ ਦੇ ਵਧੇ ਮਾਮਲਿਆਂ ਤੋਂ ਪਰੇਸ਼ਾਨ ਕਿਸਾਨ ਵਾਰ ਵਾਰ ਪੁਲਿਸ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਹ ਸਿਲਸਿਲਾ ਰੁਕਣ ਦਾ ਨਾਂ ਨਹੀ ਲੈ ਰਿਹਾ ਸੀ ਜਿਸ ਦੇ ਚੱਲਦੇ ਕੌਮੀ ਕਿਸਾਨ ਯੂਨੀਅਨ ਵੱਲੋਂ ਜ਼ਿਲੇ ਦੇ ਐਸਐਸਪੀ ਨੂੰ ਮਿਲੇ ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਮਜ਼ਬੂਰਨ ਕਿਸਾਨਾਂ ਵੱਲੋਂ ਐਸਐਸਪੀ ਫ਼ਰੀਦਕੋਟ ਦੇ ਦਫਤਰ ਦੇ ਬਾਹਰ ਧਰਨਾ ਲਗਾ ਇਨਸਾਫ ਦੀ ਮੰਗ ਕੀਤੀ ਗਈ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਐਸਐਸਪੀ ਫਰੀਦਕੋਟ ਰਾਜਪਾਲ ਸੰਧੂ ਵੱਲੋਂ ਕਿਸਾਨ ਜਥੇਬੰਦੀ ਨੂੰ ਦਿੱਤੇ ਭਰੋਸੇ ਤੋਂ ਬਾਅਦ ਇਹ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੌਲੇਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਇਨ੍ਹਾਂ ਚੋਰਾਂ ਕਰਕੇ ਚੁੱਕਣਾ ਪੈਂਦਾ ਜੋ ਸ਼ਰੇਆਮ ਖੇਤਾਂ ਚੋਂ ਮੋਟਰਾਂ ਚੋਰੀ ਕਰ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਨੂੰ ਵਾਰ ਬਾਰ ਸ਼ਿਕਾਇਤ ਕਰਨ ’ਤੇ ਵੀ ਇਹ ਸਿਲਸਿਲਾ ਨਹੀ ਰੁਕਿਆ। ਜਿਸ ਕਰਕੇ ਉਨ੍ਹਾਂ ਨੇ ਧਰਨਾ ਦਿੱਤਾ ਸੀ ਪਰ ਹੁਣ ਉਨ੍ਹਾਂ ਨੂੰ ਪ੍ਰਸ਼ਾਸਨ ਕੋਲੋਂ ਭਰੋਸਾ ਮਿਲ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਧਰਨਾ ਖਤਮ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ 15 ਦਿਨ ਦਾ ਸਮਾਂ ਦਿੱਤਾ ਕਿ ਕੋਈ ਠੋਸ ਕਾਰਵਾਈ ਹੋਵੇ ਨਹੀਂ ਤਾਂ ਸਾਨੂੰ ਮਜ਼ਬੂਰੀ ਸੰਘਰਸ਼ ਦੋਬਾਰਾ ਵਿੱਢਣਾ ਪਵੇਗਾ।