ਫਰੀਦਕੋਟ:ਪੰਜਾਬ ਵਿੱਚ ਆਮ ਆਦਮੀ ਪਾਰਟੀ ਬਣੀ ਨੂੰ ਪੰਜਾਹ ਦਿਨ ਪੂਰੇ ਹੋ ਚੁੱਕੇ ਹਨ। ਇਨ੍ਹਾਂ ਪੰਜਾਹ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ ਤੇ ਇਨ੍ਹਾਂ ਐਲਾਨਾਂ ਤੋਂ ਕਈ ਕਿਸਾਨ ਖੁਸ਼ ਵੀ ਹਨ ਤੇ ਕੁਝ ਨਾਖੁਸ਼ ਵੀ ਹਨ।
ਹੁਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਮੂੰਗੀ ਦੀ ਫ਼ਸਲ 'ਤੇ ਐੱਮਐੱਸਪੀ ਦੇਣਗੇ ਅਤੇ ਨਾਲ ਹੀ ਇੱਕ ਸ਼ਰਤ ਵੀ ਰੱਖੀ ਹੈ ਜੇਕਰ ਕਿਸਾਨ ਝੋਨੇ ਦੀ ਕਿਸਮ ਛੱਬੀ ਅਤੇ ਨਾਲ ਹੀ ਬਾਸਮਤੀ ਬੀਜਣਗੇ ਤਾਂ ਉਨ੍ਹਾਂ ਨੂੰ ਇਸ ਉੱਪਰ ਵੀ ਐੱਮਐੱਸਪੀ ਮਿਲੇਗੀ। ਜਿਸ ਨਾਲ ਵੱਖਰੀ ਫਸਲ ਵਿਭਿੰਨਤਾ ਆਵੇਗੀ।
ਇਸ ਤੋਂ ਇਲਾਵਾ ਭਗਵੰਤ ਮਾਨ ਵੱਲੋਂ ਨਵਾਂ ਤਜ਼ਰਬਾ ਕਰਦੇ ਹੋਏ ਪਹਿਲੀ ਵਾਰ ਵੱਡਾ ਫੈਸਲਾ ਕੀਤਾ ਹੈ ਕਿ ਇਸ ਵਾਰ ਝੋਨੇ ਦੀ ਬਿਜਾਈ ਚਾਰ ਜ਼ੋਨਾਂ 'ਚ ਹੋਵੇਗੀ। ਜਿਸ 'ਚ ਛੇ-ਛੇ ਜ਼ਿਲ੍ਹੇ ਸ਼ਾਮਲ ਹੋਣਗੇ ਜੋ ਕਿ ਵੱਖੋ ਵੱਖਰੇ ਸਮੇਂ 'ਤੇ ਝੋਨੇ ਦੀ ਬਿਜਾਈ ਦੀ ਸ਼ੁਰੂਆਤ ਕਰਨਗੇ।
ਉਧਰ ਮੁੱਖ ਮੰਤਰੀ ਦੇ ਜ਼ੋਨਾਂ ਵਾਲੇ ਫੈਸਲੇ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਫੈਸਲਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਫੈਸਲੇ 'ਤੇ ਦੁਬਾਰਾ ਧਿਆਨ ਦੇਵੇ ਅਤੇ 20 ਮਈ ਨੂੰ ਪਨੀਰੀ ਬੀਜਣ ਦਾ ਫੈਸਲਾ ਵੀ ਕਿਸਾਨਾਂ ਦੀ ਸਲਾਹ ਤੋਂ ਬਿਨਾਂ ਲਿਆ ਹੈ ਜਿਸ ਨੂੰ 10 ਮਈ ਕੀਤਾ ਜਾਵੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਇਹ ਐਲਾਨ ਸਿਰਫ ਐਲਾਨ ਹੀ ਨਾ ਰਹਿ ਜਾਵੇ, ਇਸ ਨੂੰ ਪੂਰਾ ਵੀ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਐੱਮਐੱਸਪੀ ਦਿੰਦੀ ਹੈ ਤਾਂ ਵਧੀਆ ਗੱਲ ਹੈ ਪਰ ਜੋ ਝੋਨੇ ਦੀ ਬਜਾਈ ਸਿੱਧੀ ਕੀਤੀ ਜਾਂਦੀ ਹੈ ਉਸ ਵਿੱਚ ਝਾੜ ਘੱਟ ਨਿਕਲਣ 'ਤੇ ਕਿਸਾਨਾਂ ਨੂੰ ਬੋਨਸ ਦੇ ਰੂਪ 'ਚ ਵੀ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਦਾ ਝਾੜ ਵੀਹ ਮਣ ਤੋਂ ਥੱਲੇ ਆਉਂਦਾ ਹੈ ਉਨ੍ਹਾਂ ਨੂੰ ਇਹ ਬੋਨਸ ਦਿੱਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਝੋਨਾ ਲਾਉਣ ਲਈ ਜ਼ਿਲ੍ਹਿਆਂ ਦੀ ਵੰਡ ਕੀਤੀ ਹੈ ਉਹ ਫ਼ੈਸਲਾ ਸਹੀ ਹੈ ਪਰ ਇਸਦੇ ਨਾਲ ਝੋਨੇ ਦੀ ਬਿਜਾਈ ਲੇਟ ਹੋ ਜਾਵੇਗੀ ਕਿਉਂਕਿ ਪੰਜਾਬ ਦੇ ਕਈ ਇਲਾਕੇ ਸੇਮ ਦੇ ਭਰੇ ਇਲਾਕੇ ਹਨ। ਜਿਨ੍ਹਾਂ ਵਿੱਚ ਬਿਜਾਈ ਸਮੇਂ ਤੋਂ ਪਹਿਲਾਂ ਕਰਨ ਦੀ ਲੋੜ ਪੈਂਦੀ ਹੈ ਅਤੇ ਕਣਕ ਦੀ ਬਿਜਾਈ ਵੀ ਇਸ ਨਾਲੋਂ ਲੇਟ ਹੋਣ ਦਾ ਕਾਰਨ ਬਣ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸਮੇਂ ਸਿਰ ਬਿਜਲੀ ਦੇ ਦੇਵੇ ਅਤੇ ਫ਼ਸਲ ਦਾ ਸਹੀ ਮੁੱਲ ਦੇਵੇ ਜਿਸ ਨਾਲ ਕਿਸਾਨਾਂ ਦੀ ਮਦਦ ਸਿੱਧੇ ਤੌਰ 'ਤੇ ਹੋ ਸਕਦੀ ਹੈ ਕਿਉਂਕਿ ਮੂੰਗੀ ਦੀ ਫ਼ਸਲ ਬੀਜਣ 'ਤੇ ਕਣਕ ਦੀ ਫ਼ਸਲ ਬੀਜਣ ਨਾਲੋਂ ਜ਼ਿਆਦਾ ਖ਼ਰਚ ਆਉਂਦਾ ਹੈ। ਉਨ੍ਹਾਂ ਮੁੱਖ ਮੰਤਰੀ ਦੇ ਜੋਨਾਂ ਵਾਲੇ ਫੈਸਲੇ ਨੂੰ ਸਿਰੇ ਤੋਂ ਨਕਾਰਦੇ ਕਿਹਾ ਕਿ ਇਹ ਫੈਸਲਾ ਸਹੀ ਨਹੀਂ ਕਿਹੜੇ ਜ਼ਿਲ੍ਹੇ ਦੇ ਕਿਸਾਨ ਕਹਿਣਗੇ ਕਿ ਅਸੀਂ ਝੋਨਾ ਲੇਟ ਲਗਾਈਏ ਸੋ ਇਸ ਫੈਸਲੇ 'ਤੇ ਦੁਬਾਰਾ ਗੌਰ ਕੀਤੀ ਜਾਵੇ।
ਇਸ ਮੌਕੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਫ਼ੈਸਲਾ ਸਹੀ ਹੈ, ਇਸ ਨਾਲ ਕਿਸਾਨਾਂ ਨੂੰ ਉਤਸ਼ਾਹ ਵੀ ਮਿਲੇਗਾ ਪਰ ਬੀਜ ਸਹੀ ਨਾ ਮਿਲਣ ਕਰਕੇ ਅਤੇ ਫ਼ਸਲਾਂ ਵਿੱਚ ਪੈਦਾ ਹੋਣ ਵਾਲੇ ਨਦੀਨ ਦੇ ਕਰਕੇ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਨਾਲ ਝਾੜ ਘੱਟ ਆਉਣ ਦਾ ਕਾਰਨ ਵੀ ਬਣਦਾ ਹੈ ਅਤੇ ਸਮੇਂ ਸਿਰ ਬਿਜਲੀ ਨਾ ਮਿਲਣ ਕਰਕੇ ਵੀ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ, ਜਿਸ ਦਾ ਸਰਕਾਰ ਨੂੰ ਕਿਸਾਨਾਂ ਦੀ ਭਰਪਾਈ ਕਰ ਕੇ ਹੱਲ ਕੱਢਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਡਰੱਗ ਮਾਮਲੇ ’ਚ ਘਿਰੇ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ