ਫ਼ਰੀਦਕੋਟ: ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਦੇ ਤਹਿਤ 'ਇੱਕ ਦੇਸ਼ ਇੱਕ ਮੰਡੀ' ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਭਰ ਦੇ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ਼ਤਿਹਾਰ 'ਤੇ ਖ਼ੁਦ ਦੀ ਤਸਵੀਰ ਦਾ ਕੀਤਾ ਵਿਰੋਧ ਇਨ੍ਹਾਂ ਖੇਤੀ ਆਰਡੀਨੈਂਸ ਦੇ ਇਸ਼ਤਿਹਾਰ ਲਈ ਕੇਂਦਰੀ ਸਰਕਾਰ ਵੱਲੋਂ ਛਾਪੇ ਗਏ ਪੋਸਟਰਾਂ ਤੇ ਫ਼ਰੀਦਕੋਟ ਜ਼ਿਲ੍ਹੇ ਦੇ ਇੱਕ ਕਿਸਾਨ ਗੁਰਪ੍ਰੀਤ ਸਿੰਘ ਦੀ ਫੋਟੋ ਪ੍ਰਕਾਸ਼ਤ ਕੀਤੀ ਗਈ ਹੈ। ਜਿਸ ਨੂੰ ਲੈ ਕੇ ਫਰੀਦਕੋਟ ਦੇ ਇਸ ਕਿਸਾਨ ਵੱਲੋਂ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਉਸ ਵੱਲੋਂ ਸਰਕਾਰ ਨੂੰ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਲੈਣ ਅਤੇ ਪੋਸਟਰ ਉੱਤੇ ਲੱਗੀ ਉਸ ਦੀ ਤਸਵੀਰ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਉਸ ਦੀ ਇਹ ਫੋਟੋ ਸਾਲ 2018 ਦੀ ਹੈ। ਇਹ ਫੋਟੋ ਖੇਤਾਂ 'ਚ ਉਸ ਸਮੇਂ ਲਈ ਗਈ ਸੀ ਜਦ ਪਰਾਲੀ ਨੂੰ ਸਾੜੇ ਬਿਨਾਂ ਕਣਕ ਦੀ ਬਿਜਾਈ ਕੀਤੀ ਗਈ ਸੀ। ਉਸ ਸਮੇਂ ਦੇ ਫ਼ਰੀਦਕੋਟ ਦੇ ਮੌਜੂਦਾ ਡਿਪਟੀ ਕਮਿਸ਼ਨਰ ਰਾਜੀਵ ਪ੍ਰਾਸ਼ਰ ਉਸ ਦੇ ਖੇਤ ਪਹੁੰਚੇ ਸਨ।
ਗੁਰਪ੍ਰੀਤ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੇਕਰ ਕਿਸੇ ਕਿਸਾਨ ਭਲਾਈ ਦੇ ਕੰਮਾਂ ਲਈ ਉਸ ਦੀ ਫੋਟੋ ਛਾਪੀ ਪ੍ਰਕਾਸ਼ਤ ਹੁੰਦੀ ਤਾਂ ਉਸ ਲਈ ਇਹ ਮਾਣ ਵਾਲੀ ਗੱਲ ਹੁੰਦੀ, ਪਰ ਇਸ ਤੋਂ ਉਲਟ ਕੇਂਦਰ ਸਰਕਾਰ ਵੱਲੋਂ ਉਸ ਨਵੇਂ ਖੇਤੀ ਆਰਡੀਨੈਂਸ ਦੀ ਮਸ਼ਹੂਰੀ ਲਈ ਬਣੇ ਪੋਸਟਰ 'ਤੇ ਉਸ ਦੀ ਫੋਟੋ ਪ੍ਰਕਾਸ਼ਤ ਕੀਤੀ ਗਈ ਹੈ। ਪੰਜਾਬ ਦੇ ਕਿਸਾਨਾਂ ਇਨ੍ਹਾਂ ਖੇਤੀ ਆਰਡੀਨੈਸਾਂ ਦੇ ਵਿਰੋਧੀ ਹਨ। ਗੁਰਪ੍ਰੀਤ ਨੇ ਕਿਹਾ ਕਿ ਉਹ ਵੀ ਕੇਂਦਰ ਸਰਕਾਰ ਦੀਆਂ ਇਨ੍ਹਾਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦਾ, ਪਰ ਫਿਰ ਵੀ ਇੱਕ ਕਿਸਾਨ ਹੋਣ ਦੇ ਨਾਤੇ ਉਹ ਇਸ ਕਿਸਾਨ ਮਾਰੂ ਆਰਡੀਨੈਂਸ ਦਾ ਵਿਰੋਧ ਕਰਦਾ ਹੈ ਅਤੇ ਇਸ ਦੀ ਮਸ਼ਹੂਰੀ ਲਈ ਬਣਾਏ ਗਏ ਪੋਸਟਰ ਤੇ ਉਸ ਦੀ ਫੋਟੋ ਜਾਇਜ਼ ਨਹੀਂ ਹੈ। ਉਸ ਨੇ ਕੇਂਦਰ ਸਰਕਾਰ ਕੋਲੋਂ ਜਲਦ ਤੋਂ ਜਲਦ ਇਸ ਫੋਟੋ ਨੂੰ ਇਸ਼ਤਿਹਾਰ ਤੋਂ ਹਟਾਉਣ ਦੀ ਮੰਗ ਕੀਤੀ ਹੈ।
ਗੁਰਪ੍ਰੀਤ ਨੇ ਆਖਿਆ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਆਰਡੀਨੈਂਸ ਨਾਲ ਕਿਸਾਨ, ਆੜ੍ਹਤੀਏ, ਮਜ਼ਦੂਰ ਅਤੇ ਟਰਾਂਸਪੋਰਟਰ ਖ਼ੇਤਰ 'ਚ ਕੰਮ ਕਰਨ ਵਾਲੇ ਲੋਕ ਬੇਰੁਜ਼ਗਾਰ ਹੋ ਜਾਣਗੇ। ਵੱਡੀ-ਵੱਡੀ ਨਿੱਜੀ ਕੰਪਨੀਆਂ ਕਿਸਾਨਾਂ ਤੋਂ ਕਣਕ, ਝੋਨੇ ਆਦਿ ਦੀ ਫਸਲ ਮਨ ਮੁਤਾਬਕ ਖ਼ਰੀਦ ਕੇ ਸਟੋਰ ਕਰ ਲੈਣਗੀਆਂ ਤੇ ਬਾਅਦ ਇਸ ਨੂੰ ਉੱਚੇ ਦਾਮਾਂ 'ਤੇ ਖ਼ੁਦ ਦੇ ਮੁਨਾਫੇ ਲਈ ਵੇਚਣਗੀਆਂ। ਇਸ ਲਈ ਉਹ ਸੂਬੇ ਦੇ ਕਿਸਾਨਾਂ ਦੇ ਨਾਲ ਹੈ। ਗੁਰਪ੍ਰੀਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਫੋਟੋ ਨੂੰ ਜਲਦ ਨਾ ਹਟਾਇਆ ਤਾਂ ਉਹ ਆਪਣੇ ਵਕੀਲ ਨਾਲ ਸਲਾਹ ਕਰਕੇ ਕੇਂਦਰ ਸਰਕਾਰ ਖਿਲਾਫ ਅਦਾਲਤ ਦਾ ਸਹਾਰਾ ਲਵੇਗਾ।