ਫ਼ਰੀਦਕੋਟ:ਇਕ ਪਾਸੇ ਜਿੱਥੇ ਕਈ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾ ਰਹੇ ਹਨ, ਉੱਥੇ ਹੀ, ਦੂਜੇ ਪਾਸੇ, ਕਈ ਅਜਿਹਾ ਅਗਾਂਹ ਵਧੂ ਕਿਸਾਨ ਹਨ ਜੋ ਕਿ ਪਰਾਲੀ ਨੂੰ ਬਿਨਾਂ ਅੱਗ ਲਾਏ ਖੇਤੀ ਕਰਦੇ ਆ ਰਹੇ ਹਨ। ਜੀ ਹਾਂ, ਬੀਤੇ ਕਰੀਬ 8 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਤੋਂ ਬਿਨਾਂ ਖੇਤੀ ਕਰਦੇ ਆ ਰਹੇ ਕਿਸਾਨ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਇਸਵਾਰ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਗਈ ਹੈ ਜਿਸ ਦਾ ਜਾਇਜ਼ਾ ਲੈਣ ਲਈ ਹਲਕਾ ਕੋਟਕਪੂਰਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ।
ਇਸ ਮੌਕੇ ਉਨ੍ਹਾਂ ਨਾਲ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਵੀ ਮੌਜੂਦ ਰਹੇ। ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਅਤੇ ਜ਼ਮੀਨ ਦੀ ਉਪਜਾਓ ਸ਼ਕਤੀ ਨੂੰ ਬਣਾਈ ਰੱਖਣ ਲਈ ਨਵੀਆਂ ਤਕਨੀਕਾਂ ਨਾਲ ਖੇਤੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਬੀਤੇ ਕਰੀਬ 8/9 ਸਾਲਾਂ ਨੂੰ ਆਪਣੇ ਖੇਤਾਂ ਵਿਚ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਬਿਨਾਂ ਕੱਦੂ ਕੀਤੇ ਝੋਨੇ ਦੀ ਬਿਜਾਈ ਕਰ ਰਿਹਾ ਹੈ ਅਤੇ ਬਾਕੀ ਕਿਸਾਨਾਂ ਨਾਲੋਂ ਘੱਟ ਖ਼ਰਚੇ ਵਿਚ ਜਿੱਥੇ ਵੱਧ ਪੈਦਾਵਾਰ ਲੈ ਰਿਹਾ।
ਉਥੇ ਹੀ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿਚ ਆਪਣਾ ਯੋਗਦਾਨ ਪਾ ਰਿਹਾ। ਉਨ੍ਹਾਂ ਕਿਹਾ ਕਿ ਇਸ ਵਾਰ ਖੇਤੀਬਾੜੀ ਵਿਭਾਗ ਵਲੋਂ ਸੁਪਰ ਸੀਡਰ ਅਤੇ ਹੈਪੀ ਸੀਡਰ ਦੇ ਸੁਮੇਲ ਨਾਲ ਤਿਆਰ ਸਮਾਰਟ ਸੀਡਰ ਮਸ਼ੀਨ ਲਿਆਂਦੀ ਗਈ ਹੈ ਜਿਸ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਹੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਕਿਸਾਨਾਂ ਦਾ ਕਰੀਬ 1500 ਰੁਪਏ ਪ੍ਰਤੀ ਏਕੜ ਖ਼ਰਚ ਵੀ ਬਚਦਾ ਹੈ। ਉਨ੍ਹਾਂ ਕਿਹਾ ਕਿ ਟ੍ਰਾਇਲ ਵਜੋਂ ਹਲਕਾ ਕੋਟਕਪੂਰਾ ਅੰਦਰ ਦੇ ਹਰੇਕ ਪਿੰਡ ਵਿਚ ਘੱਟੋ ਘੱਟ 1 ਏਕੜ ਕਣਕ ਇਸੇ ਵਿਧੀ ਨਾਲ ਬਿਜਾਈ ਕਰਵਾਈ ਜਾਵੇਗੀ।