ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ 'ਚ ਪਿਛਲੇ 3 ਮਹੀਨਿਆਂ ਤੋਂ ਮਹਿਲਾ ਡਾਕਟਰ ਨਾਲ ਹੋਏ ਜਿਨਸੀ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੂਰੇ ਫ਼ਰੀਦਕੋਟ 'ਚ ਤੂਲ ਫੜਦਾ ਨਜ਼ਰ ਆ ਰਿਹਾ ਹੈ।
ਦੱਸ ਦੇਈਏ ਕਿ ਮਹਿਲਾ ਡਾਕਟਰ ਨੇ ਉਸ ਦੇ ਵਿਭਾਗ ਦੇ ਐਚਓਡੀ ਉੱਤੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਹਨ। ਮਹਿਲਾ ਡਾਕਟਰ ਪਿਛਲੇ 3 ਮਹੀਨਿਆਂ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ। ਕਰੀਬ 6 ਦਿਨਾਂ ਤੋਂ ਫ਼ਰੀਦਕੋਟ ਦੇ ਮਿੰਨੀ ਸਕੱਤਰੇਤ ਦੇ ਬਾਹਰ ਪੀੜਤ ਮਹਿਲਾ ਡਾਕਟਰ ਨੂੰ ਇਨਸਾਫ਼ ਦਵਾਉਣ ਲਈ ਕਥਿਤ ਦੋਸ਼ੀ ਡਾਕਟਰ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਧਰਨਾ ਦਿੱਤਾ।
ਇਹ ਵੀ ਪੜ੍ਹੋ:ਫ਼ਤਿਹਗੜ੍ਹ ਸਾਹਿਬ 'ਚ ਹੋਏ ਸਮਾਨਤਾ ਦੇ ਮੇਲੇ ਦਾ ਹਿੱਸਾ ਬਣੇ ਦਿਵਿਆਂਗ, ਨੇਤਰਹੀਣ ਤੇ ਕਿੰਨਰ
ਇਸ ਮੌਕੇ ਗੱਲਬਾਤ ਕਰਦਿਆਂ ਸੰਘਰਸ ਕਮੇਟੀ ਦੇ ਆਗੂ ਕੇਸ਼ਵ ਅਜ਼ਾਦ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਦਫ਼ਤਰ ਅੰਦਰ ਦੀ ਸੀਸੀਟੀਵੀ ਵੀਡੀਓ ਵਿਖਾਈ ਜਿਸ ਵਿੱਚ ਵਾਇਸ ਚਾਂਸਲਰ, ਡਾਕਟਰ ਲੱਜਾ ਦੇਵੀ ਅਤੇ ਕਥਿਤ ਦੋਸ਼ੀ ਡਾ. ਸੰਜੇ ਬੈਠੇ ਵਿਖਾਈ ਦੇ ਰਹੇ ਹਨ ਅਤੇ ਇਹ ਸਾਰੇ ਪੀੜਤ ਮਹਿਲਾ ਡਾਕਟਰ ਬਾਰੇ ਗੱਲਬਾਤ ਕਰ ਰਹੇ ਹਨ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਕਥਿਤ ਦੋਸ਼ੀ ਡਾਕਟਰ ਸੰਜੇ ਨੂੰ ਬਚਾਉਣ ਬਾਰੇ ਗੱਲਬਾਤ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਮਹਿਲਾ ਡਾਕਟਰ ਨਾਲ ਹੋਏ ਜਿਨਸੀ ਸੋਸ਼ਣ ਦਾ ਇਨਸਾਫ਼ ਕੀਤਾ ਜਾਵੇ। ਜੇ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ।
ਇਸੇ ਲੜੀ ਤਹਿਤ ਸੰਘਰਸ਼ ਕਮੇਟੀ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰ ਜਿੱਥੇ 26 ਨਵੰਬਰ ਨੂੰ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ।