ਫਰੀਦਕੋਟ:ਫਰੀਦਕੋਟ ਦੇ ਸਕੱਤਰ RTA ਦਫਤਰ ਵਿਚ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਕੰਮ ਕਾਜ ਇਹਨੀ ਦਿਨੀ ਲਗਭਗ ਠੱਪ ਨਜ਼ਰ ਆ ਰਿਹਾ ਹੈ। ਜਿਸ ਕਾਰਨ ਇਥੇ ਲੋਕਲ ਅਤੇ ਦੂਰ ਦਰਾਡੇ ਤੋਂ ਕੰਮ ਕਾਰ ਲਈ ਆਉਣ ਵਾਲੇ ਲੋਕ ਖੱਜਲ ਖੁਆਰ ਹੋਣ ਲਈ ਮਜ਼ਬੂਰ ਨੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ RTA ਦਫਤਰ ਫਰੀਦਕੋਟ ਵਿਚ ਕੰਮ ਕਾਰ ਲਈ ਆਏ ਲੋਕਾਂ ਨੇ ਦੱਸਿਆ ਕਿ ਇਥੇ ਵੱਖ ਵੱਖ ਸ਼ਹਿਰਾਂ ਤੋਂ ਲੋਕ ਪਹੁੰਚਦੇ ਹਨ ਪਰ ਕੋਈ ਸਾਰ ਨਹੀਂ ਲੈਂਦਾ ਸਾਨੂ ਖੱਜਲ ਖੁਆਰ ਹੋਣਾ ਪੈਂਦਾ ਹੈ। ਕੋਈ ਇਥੇ ਸੰਗਰੂਰ ਤੋਂ ਆਇਆ, ਕੋਈ ਗੁਰਦਾਸਪੁਰ ਤੋਂ ਆਇਆ, ਕੋਈ ਲੋਕਲ ਹੈ ਕੋਈ ਮੋਗਾ ਜਿਲ੍ਹੇ ਤੋਂ ਆਇਆ ਤੇ ਕੋਈ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਤੋਂ ਆਏ ਹਨ।
ਪੀਣ ਵਾਲੇ ਪਾਣੀ ਦੇ ਕੂਲਰ 'ਤੇ ਕਿਰਲੀਆਂ ਘੁੰਮਦੀਆਂ :ਉਹਨਾਂ ਦੱਸਿਆ ਕਿ ਕਿਸੇ ਦੇ ਟਰੱਕ ਦੀ ਪਾਸਿੰਗ ਰੁਕੀ ਹੋਈ ਹੈ, ਕਿਸੇ ਦੀ ਗੱਡੀ ਦੀ ਅਪਰੁਵਲ ਰੁਕੀ ਹੈ ਕਿਸੇ ਨੇ NOC ਲੈਣਾ ਕਿਸੇ ਨੇ ਡਰਾਈਵਿੰਗ ਲਾਇਸੈਂਸ ਬਨਵਾਉਣਾ ਪਰ ਸਭ ਲਈ RTA ਮੈਡਮ ਵਲੋਂ ਆਨ ਲਾਈਨ ਅਪਰੁਵ ਕੀਤਾ ਜਾਣਾ ਹੈ ਪਰ ਮੈਡਮ ਕਦੀ ਵੀ ਉਹਨਾਂ ਨੂੰ ਦਫਤਰ ਨਹੀਂ ਮਿਲੇ ਉਹ ਇਥੋਂ ਆ ਕੇ ਵਾਪਸ ਚਲੇ ਜਾਂਦੇ ਹਨ ਪਰ ਉਹਨਾਂ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ । ਕੁਝ ਲੋਕਾਂ ਨੇ ਕਿਹਾ ਕਿ ਇਥੇ ਅੱਤ ਦੀ ਗਰਮੀਂ ਵਿਚ ਪੀਣ ਲਈ ਪਾਣੀ ਤੱਕ ਦਾ ਪ੍ਰਬੰਧ ਨਹੀਂ ਹੈ , ਲੋਕਾਂ ਨੇ ਇਥੇ ਲੱਗੇ ਵਾਟਰ ਕੂਲਰ ਦੀ ਹਾਲਤ ਵੀ ਕੈਮਰੇ ਅੱਗੇ ਵਿਖਾਈ ਤਾਂ ਵਾਟਰ ਕੂਲਰ ਵਿਚ ਪਾਣੀ ਦੀ ਜਗ੍ਹਾ ਕਿਰਲੀਆਂ ਦੋੜਦੀਆਂ ਨਜਰ ਆਈਆਂ।