ਫ਼ਰੀਦਕੋਟ: ਸੋਮਵਾਰ ਨੂੰ ਫ਼ਰੀਦਕੋਟ ਪੁਲਿਸ ਵੱਲੋਂ ਅੰਤਰ-ਰਾਜੀ ਟਰੱਕ, ਘੋੜੇ ਟਰਾਲੇ ਦੀ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਮੁਲਜ਼ਮ ਤੋਂ ਵੱਖ-ਵੱਖ ਰਾਜਾਂ ਤੋਂ ਚੋਰੀ ਕੀਤੇ 8 ਟਰੱਕ, ਘੋੜੇ ਟਰਾਲੇ ਬਰਾਮਦ ਕੀਤੇ ਹਨ। ਇਸ ਦੀ ਜਾਣਕਾਰੀ ਫ਼ਰੀਦਕੋਟ ਦੇ ਐਸਪੀ ਸੇਵਾ ਸਿੰਘ ਮੱਲ੍ਹੀ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਐਸਪੀ ਸੇਵਾ ਸਿੰਘ ਮੱਲ੍ਹੀ ਨੇ ਕਿਹਾ ਕਿ ਸੀਆਈਏ ਸਟਾਫ ਜੈਤੋ ਅਤੇ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਟਰੱਕ, ਘੋੜੇ ਟਰਾਲੇ ਚੋਰੀ ਕਰਨ ਵਾਲੇ ਅੰਤਰ-ਰਾਜੀ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਉਸ ਕੋਲੋ ਚੋਰੀ ਦੇ 8 ਟਰੱਕ ਘੋੜੇ ਟਰਾਲੇ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪਰਮਜੀਤ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਪਿੰਡ ਖਾਈ ਨੇ ਥਾਣਾ ਬਾਜਾਖਾਨਾ ਵਿੱਚ ਦਰਖ਼ਾਸਤ ਦਿੱਤੀ ਸੀ ਕਿ ਅਰੁਣਦੀਪ ਕੁਮਾਰ ਨਾਂਅ ਦੇ ਵਿਅਕਤੀ ਨੇ ਉਸ ਨੂੰ ਕਾਰ ਉੱਤੇ ਲੋਨ ਦਵਾਉਣ ਲਈ ਅਧਾਰ ਕਾਰਡ, ਪੈਨ ਕਾਰਡ ਅਤੇ ਬਿਜਲੀ ਦਾ ਬਿਲ ਆਦਿ ਕਾਗਜ਼ਾਤ ਦਿੱਤੇ ਸਨ ਪਰ ਉਸ ਵਿਅਕਤੀ ਨੇ ਲੋਨ ਨਹੀਂ ਦਵਾਇਆ, ਪਰ ਉਸ ਨੇ ਉਸ ਦੇ ਦਸਤਾਵੇਜ਼ਾ ਨੂੰ ਵਰਤ ਕੇ ਜਾਅਲੀ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਦੀ ਤਫਤੀਸ਼ ਕੀਤੀ ਤਾਂ ਪਤਾ ਲੱਗਾ ਕਿ ਅਰਣਦੀਪ ਕੁਮਾਰ ਨੇ RC no PB13BE 9396 ਬਣਵਾ ਕੇ ਅੱਗੇ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਦੇ ਨਾਮ ਉੱਤੇ ਟਰਾਂਸਫਰ ਕਰਵਾ ਦਿੱਤੀ ਹੈ।