ਫ਼ਰੀਦਕੋਟ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਸ਼ਿਆਂ ਵਿਰੁੱਧ ਸਖ਼ਤ ਐਕਸ਼ਨ ਲੈਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੂਬੇ ਵਿੱਚ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਫ਼ਰੀਦਕੋਟ ਪੁਲਿਸ ਵੱਲੋਂ ਇਨ੍ਹੀਂ ਦਿਨੀਂ ਉਨ੍ਹਾਂ ਬਸਤੀਆਂ ਵਿੱਚ ਛਾਪੇਮਾਰੀ ਕਰ ਤਲਾਸ਼ੀ ਲਈ ਜਾ ਰਹੀ ਹੈ, ਜਿੱਥੇ ਨਸ਼ਾ ਤਸਕਰੀ ਹੋਣ ਦੀ ਸੂਹ ਮਿਲਦੀ ਹੈ ਜਾਂ ਜੋ ਇਲਾਕੇ ਨਸ਼ਾਂ ਤਸਕਰੀ ਲਈ ਬਦਨਾਮ ਹਨ।
ਇਸ ਅਭਿਆਨ ਦੇ ਚਲਦੇ ਸ਼ਨੀਵਾਰ ਨੂੰ ਪੁਲਿਸ ਟੀਮਾਂ ਨੇ ਕੋਟਕਪੂਰਾ ਦੀਆਂ ਬਸਤੀਆਂ ਨੂੰ ਖੰਗਾਲਿਆ। ਦੱਸਣਯੋਗ ਹੈ ਕਿ ਪੁਲਿਸ ਦੀਆਂ ਟੀਮਾਂ ਨੇ ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਫ਼ਰੀਦਕੋਟ ਦੀਆਂ ਵੱਖ-ਵੱਖ ਬਸਤੀਆਂ ਵਿੱਚ ਸਰਚ ਅਭਿਆਨ ਚਲਾਏ ਸਨ।
ਲੁਧਿਆਣਾ 'ਚ ਬਦਲਿਆ ਮੌਸਮ ਦਾ ਮਿਜਾਜ਼, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
ਕੋਟਕਪੂਰਾ ਦੇ ਡੀ.ਐੱਸ.ਪੀ. ਬੀ.ਐੱਸ. ਸੰਧੂ ਦੀ ਅਗਵਾਈ ਵਿੱਚ ਕਰੀਬ 200 ਪੁਲਿਸ ਕਰਮੀਆਂ ਦੀ ਮਦਦ ਨਾਲ ਕੋਟਕਪੂਰਾ ਦੀ ਅਨਾਜ ਮੰਡੀ ਦੇ ਕੋਲ ਬਣੀ ਬਸਤੀਆਂ ਵਿੱਚ ਤਲਾਸ਼ੀ ਲਈ ਗਈ। ਇਸ ਦੇ ਇਲਾਵਾ ਪਿੰਡ ਢਿੱਲਵਾਂ ਵਿੱਚ ਵੀ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਅਤੇ ਇਸ ਅਭਿਆਨ ਵਿੱਚ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਗਈ। ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਇਹ ਸਰਚ ਅਭਿਆਨ 8 ਵਜੇ ਤੱਕ ਚੱਲਿਆ।
ਦੱਸਣਯੋਗ ਹੈ ਕਿ ਪੁਲਿਸ ਨੂੰ ਇਸ ਸਰਚ ਅਭਿਆਨ 'ਚ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ, ਪਰ ਪੁਲਿਸ ਵੱਲੋਂ 3-4 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਬੀ.ਐਸ.ਸੰਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਟਕਪੁਰਾ ਦੀਆਂ ਬਸਤੀਆਂ ਅਤੇ ਪਿੰਡ ਢਿਲਵਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ, ਜਿਸ ਵਿੱਚ ਕੋਟਕਪੂਰਾ ਅਤੇ ਜੈਤੋ ਦੀ ਪੁਲਿਸ ਸ਼ਾਮਿਲ ਸੀ।
ਇਸ ਸਰਚ ਦੌਰਾਨ ਕੋਈ ਸ਼ੱਕੀ ਚੀਜ਼ ਨਹੀਂ ਮਿਲੀ, ਪਰ 4 ਵਿਅਕਤੀਆਂ ਨੂੰ ਰਾਉਂਡ-ਅਪ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।