ਫਰੀਦਕੋਟ: ਕਾਂਗਰਸੀ ਪਾਰਟੀ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਫਰੀਦਕੋਟ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਮਾਨਯੋਗ ਅਦਾਲਤ ਨੇ ਉਹਨਾਂ ਦੀ ਰੈਗੂਲਰ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਹੈ। ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ ਸਾਬਕਾ ਵਿਧਾਇਕ ਇਹਨੀਂ ਦਿਨੀ ਨਾਭਾ ਜੇਲ੍ਹ ਵਿੱਚ ਬੰਦ ਹਨ।
ਨਾਭਾ ਜੇਲ੍ਹ ਵਿੱਚ ਬੰਦ ਹਨ ਸਾਬਕਾ ਵਿਧਾਇਕ: ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੱਲੋਂ ਆਪਣੇ ਵਕੀਲ ਰਾਹੀਂ ਫਰੀਦਕੋਟ ਦੇ ਡਿਊਟੀ ਜੱਜ ਦੀ ਅਦਾਲਤ ਵਿੱਚ ਰੈਗੂਲਰ ਜ਼ਮਾਨਤ ਲਈ ਅਰਜੀ ਦਾਖਲ ਕੀਤੀ ਗਈ ਸੀ ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਜਿਕਰਯੋਗ ਹੈ ਪਿਛਲੇ ਦਿਨੀਂ ਵਿਜੀਲੈਂਸ ਵਿਭਾਗ ਨੇ ਸਾਬਕਾ ਵਿਧਾਇਕ ਨੂੰ ਸਾਲ 2017 ਤੋਂ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਖਰਚ ਕਰਨ ਦੇ ਮਾਮਲੇ ਵਿੱਚ ਇੱਕ ਸ਼ਕਾਇਤ ਦੇ ਅਧਾਰ ਉੱਤੇ ਕਾਫੀ ਲੰਬਾ ਸਮਾਂ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੋਂ ਕਰੀਬ 7 ਦਿਨ ਦੇ ਪੁਲਿਸ ਰਿਮਾਂਡ ਦੌਰਾਨ ਵਿਜੀਲੈਂਸ ਵਿਭਾਗ ਨੇ ਪੁੱਛਗਿੱਛ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿੱਚ ਫਰੀਦਕੋਟ ਜੇਲ੍ਹ ਭੇਜ ਦਿੱਤਾ ਗਿਆ ਸੀ, ਜਿੱਥੋਂ ਉਹਨਾਂ ਨੂੰ ਨਾਭਾ ਜੇਲ੍ਹ ਵਿੱਚ ਸਿਫ਼ਟ ਕਰ ਦਿੱਤਾ ਗਿਆ ਸੀ। ਇਹਨੀਂ ਦਿਨੀ ਸਾਬਕਾ ਵਿਧਾਇਕ ਨਿਆਂਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਹਨ।
ਕੀ ਹਨ ਸਾਬਕਾ ਵਿਧਾਇਕ ਤੇ ਇਲਜ਼ਾਮ ? :ਵਿਜੀਲੈਂਸ ਵਿਭਾਗ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਆਪਣੇ 5 ਸਾਲ ਦੇ ਐਮਐਲਏ ਕਾਰਜਕਾਲ ਦੌਰਾਨ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਘਪਲੇ ਕਰਦਿਆ ਆਪਣੀ ਜਾਇਦਾਦ ਵਿੱਚ ਵਾਧਾ ਕੀਤਾ ਹੈ ਅਤੇ ਆਪਣੀ ਆਮਦਨ ਤੋਂ ਕਿਤੇ ਵੱਧ ਖਰਚ ਕੀਤਾ ਹੈ। ਇਸ ਸ਼ਿਕਾਇਤ ਦੇ ਅਧਾਰ ਉੱਤੇ ਵਿਜੀਲੈਂਸ ਵਿਭਾਗ ਨੇ ਕਰੀਬ 11 ਵਾਰ ਵੱਖ-ਵੱਖ ਥਾਵਾਂ ਉੱਤੇ ਸਾਬਕਾ ਵਿਧਾਇਕ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਉਹਨਾਂ ਤੋਂ ਆਮਦਨ ਅਤੇ ਜਾਇਦਾਦ ਸੰਬੰਧੀ ਕਾਗਜ ਵਿੱਚ ਲਏ ਸਨ।
ਵਿਜੀਲੈਂਸ ਵਿਭਾਗ ਵੱਲੋਂ ਦਰਜ ਐਫਆਈਆਰ ਵਿੱਚ ਸਾਲ 2017 ਤੋਂ 2022 ਤੱਕ ਸਾਬਕਾ ਵਿਧਾਇਕ ਨੇ ਆਪਣੇ ਐਮਐਲਏ ਕਾਰਜਕਾਲ ਦੌਰਾਨ ਜੋ ਆਪਣੀ ਜਾਇਦਾਦ ਐਲਾਨੀ ਸੀ ਅਤੇ ਜੋ ਆਪਣੀ ਆਮਦਨ ਐਲਾਨੀ ਗਈ ਸੀ, ਉਸ ਤੋਂ ਕਰਬਿ 7 ਕਰੋੜ ਰੁਪਏ ਜਿਆਦਾ ਖਰਚ ਕਰਨ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਬੈਂਕ ਖਾਤੇ ਦੀ ਡਿਟੇਲ ਐਫਆਈਆਰ ਵਿੱਚ ਸਾਂਝੀ ਕੀਤੀ ਗਈ। ਵਿਜੀਲੈਂਸ ਵਿਭਾਗ ਨੇ ਸਾਬਕਾ ਵਿਧਾਇਕ ਦੇ ਮੋਹਾਲੀ ਸਥਿਤ ਫਾਰਮ ਹਾਊਸ ਉੱਤੇ ਵੀ ਚੈਕਿੰਗ ਕੀਤੀ ਸੀ ਅਤੇ ਉਸ ਤੋਂ ਬਾਅਦ ਫਰੀਦਕੋਟ ਸਥਿਤ ਘਰ ਵਿੱਚ ਵੀ ਜਾਂਚ ਪੜਤਾਲ ਕੀਤੀ ਗਈ ਸੀ।
ਸਾਬਕਾ ਵਿਧਾਇਕ ਦੇ ਬਿਆਨ:ਜਦੋਂ ਵੀ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਪੁੱਛਗਿੱਛ ਵਿਜੀਲੈਂਸ ਦਫਤਰ ਬੁਲਾਇਆ ਜਾਂਦਾ ਸੀ ਤਾਂ ਉਹ ਹਰ ਵਾਰ ਵਿਜੀਲੈਂਸ ਵਿਭਾਗ ਕੋਲ ਪੇਸ਼ ਹੋਏ ਅਤੇ ਜਾਂਚ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਮੰਗੇ ਜਾਂਦੇ ਦਸਤਾਵੇਜ ਪੇਸ਼ ਕਰਦੇ ਰਹੇ। ਇਹੀ ਨਹੀਂ ਜਦੋਂ ਵੀ ਸਾਬਕਾ ਵਿਧਾਇਕ ਨੂੰ ਮੀਡੀਆ ਨੇ ਸਵਾਲ ਕੀਤਾ ਤਾਂ ਉਹਨਾਂ ਹਰ ਵਾਰ ਇਹੀ ਕਿਹਾ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਉਹਨਾਂ ਦੀ ਜੋ ਜਾਇਦਾਦ ਹੈ, ਜੋ ਆਮਦਨ ਹੈ ਉਹ ਸਭ ਰਿਕਾਡ ਵਿੱਚ ਹੈ ਅਤੇ ਉਹਨਾਂ ਨੂੰ ਝੂਠਾ ਫਸਾਇਆ ਜਾ ਰਿਹਾ।