ਫ਼ਰੀਦਕੋਟ: ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੂੰ ਝਟਕਾ ਦਿੰਦਿਆਂ ਸੋਮਵਾਰ ਨੂੰ ਫ਼ਰੀਦਕੋਟ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 5 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ।
SIT ਨੂੰ ਝਟਕਾ, ਬੇਅਦਬੀ ਮਾਮਲਿਆਂ 'ਚ 5 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਐਸਆਈਟੀ ਨੇ 7 ਡੇਰਾ ਪ੍ਰੇਮੀਆਂ ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਵਿਚੋਂ 2 ਡੇਰਾ ਪ੍ਰੇਮੀਆਂ ਕੋਲ ਅਗਾਊਂ ਜ਼ਮਾਨਤ ਹੋਣ ਦੇ ਚਲਦੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।
ਬਾਕੀ 5 ਡੇਰਾ ਪ੍ਰੇਮੀਆਂ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ ਜਿਨ੍ਹਾਂ ਕੋਲੋਂ ਐਸਆਈਟੀ ਨੇ ਪੁੱਛ ਪੜਤਾਲ ਕੀਤੀ ਅਤੇ ਬਾਅਦ ਵਿੱਚ ਅਦਾਲਤ ਨੇ ਇਨ੍ਹਾਂ 5 ਡੇਰਾ ਪ੍ਰੇਮੀਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਸੀ।
ਇਨ੍ਹੀਂ ਦਿਨੀਂ ਇਹ 5 ਡੇਰਾ ਪ੍ਰੇਮੀ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਵਿੱਚ ਬੰਦ ਸਨ ਅਤੇ ਉਨ੍ਹਾਂ ਨੇ ਫ਼ਰੀਦਕੋਟ ਅਦਾਲਤ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਸੋਮਵਾਰ ਨੂੰ ਜਸਟਿਸ ਸੁਰੇਸ਼ ਕੁਮਾਰ ਦੀ ਅਦਾਲਤ ਨੇ ਇਨ੍ਹਾਂ 5 ਡੇਰਾ ਪ੍ਰੇਮੀਆਂ ਨੂੰ 50-50 ਹਜ਼ਾਰ ਦੇ ਬੌਂਡ ਭਰਨ 'ਤੇ ਜ਼ਮਾਨਤ ਦੇ ਦਿੱਤੀ।