ਫ਼ਰੀਦਕੋਟ:ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਾਲ ਵਿੱਚ ਫ਼ਰੀਦਕੋਟ ਜ਼ਿਲ੍ਹੇ ‘ਚੋਂ ਐਤਵਾਰ ਨੂੰ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ, ਜੋ ਕਿ ਕਸਬਾ ਗੋਲੇਵਾਲਾ ਵਿੱਚ ਵਾਪਰੀ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਗਲੀਆਂ ਵਿੱਚ ਖਿਲਾਰ ਦਿੱਤੇ ਸਨ। ਇਸ ਘਟਨਾ ਨੂੰ ਹੱਲ ਕਰਦੇ ਹੋਏ ਪੁਲਿਸ ਨੇ 24 ਘੰਟਿਆ ਅੰਦਰ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕੀਤੇ ਗਿਆ, ਜਿਥੇ ਅਦਾਲਤ ਨੇ ਇਹਨਾਂ ਨੂੰ 28 ਅਪ੍ਰੈਲ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟ ਦਿੱਤੇ: ਜਾਣਕਾਰੀ ਦਿੰਦੇ ਹੁੰਦੇ ਥਾਣਾ ਸਦਰ ਫਰੀਦਕੋਟ ਦੇ ਮੁੱਖ ਅਫਸਰ ਗੁਲਜਿੰਦਰਪਾਲ ਸੇਖੋਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ, ਕਿ ਪਿੰਡ ਗੋਲੇਵਾਲਾ ਦੀਆਂ ਗਲੀਆਂ ਵਿੱਚ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟੇ ਗਏ ਹਨ। ਉਹਨਾਂ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੌਕਾ ਉੱਤੇ ਪਹੁੰਚੇ ਅਤੇ ਬੇਅਦਬੀ ਕੀਤੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਸੰਭਾਲ ਨਾਲ ਇਕੱਤਰ ਕੀਤਾ ਤੇ ਫਿਰ ਜਾਂਚ ਸ਼ੁਰੂ ਕਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।