ਫ਼ਰੀਦਕੋਟ: ਪਿਛਲੇ ਸਾਲ ਅੰਮ੍ਰਿਤਸਰ ਵਿਖੇ ਵਾਪਰੇ ਰੇਲ ਹਾਦਸੇ ਵਰਗੇ ਕਿਸੇ ਵੱਡੇ ਹਾਦਸੇ ਦੀ ਫ਼ਰੀਦਕੋਟ ਪ੍ਰਸ਼ਾਸਨ ਉਡੀਕ ਕਰ ਰਿਹਾ ਹੈ, ਇੱਥੇ ਸਕੂਲ ਨੂੰ ਜਾਣ ਵਾਲੇ ਬੱਚੇ ਜਾਨ ਖ਼ਰਤੇ ਵਿੱਚ ਪਾ ਕੇ ਸਕੂਲ ਜਾਣ ਲਈ ਮਜਬੂਰ ਹਨ। ਬੱਚਿਆਂ ਦੇ ਰਾਹ ਵਿੱਚ ਪੁੱਟੇ ਹੋਏ ਵੱਡੇ-ਵੱਡੇ ਡੂੰਘੇ ਟੋਇਆਂ ਉਪਰ ਕੋਈ ਵੀ ਬੈਰੀਕੇਡ ਨਾ ਹੋਣ ਕਰਕੇ ਕਿਸੇ ਵੇਲੇ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਤਲਵੰਡੀ ਰੋਡ 'ਤੇ ਪੈਂਦੇ ਰੇਲਵੇ ਫਾਟਕ 'ਤੇ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦੀ ਉਸਾਰੀ ਚੱਲ ਰਹੀ ਹੈ। ਉਸਾਰੀ ਕਾਰਜਾਂ ਦੀ ਢਿੱਲ ਮੱਠ ਕਾਰਨ ਅਤੇ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਦੇ ਚਲਦੇ ਹੁਣ ਬੱਚਿਆ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ। ਸਕੂਲੀ ਬੱਚੇ ਆਪਣੇ ਹੈਵੀਵੇਟ ਸਕੂਲ ਬੈਗ ਲੈ ਕੇ ਰੇਤ ਦੇ ਢੇਰਾਂ ਅਤੇ ਡੂੰਘੇ ਖੱਡਿਆਂ ਕੋਲੋਂ ਬੜੀ ਮੁਸ਼ਕਿਲ ਨਾਲ ਲੰਘਦੇ ਹਨ।