ਫ਼ਰੀਦਕੋਟ: ਮੈਡੀਕਲ ਸਟੋਰ 'ਤੇ ਜੈਨਰਿਕ ਦਵਾਈਆਂ ਅਤੇ ਐਥੀਕਲ ਦਵਾਈਆਂ ਦੇ ਐੱਮਆਰਪੀ ਨੂੰ ਲੈ ਕੇ ਚੱਲ ਰਿਹਾ ਮਾਮਲਾ ਭੱਖਦਾ ਹੀ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਕੈਂਸਰ ਰੋਕੋ ਸੋਸਾਇਟੀ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਵੱਲੋਂ ਜੈਨਰਿਕ ਦਵਾਈਆਂ ਦੇ ਐੱਮਆਰਪੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਜੈਨਰਿਕ ਦਵਾਈਆਂ ਨੂੰ ਲੈ ਕੇ ਭਖਿਆ ਮਾਮਲਾ, ਵਿਧਾਇਕ ਨੇ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ ਇਸ ਮੌਕੇ ਉਨ੍ਹਾਂ ਦੱਸਿਆ ਕਿ ਡਾਕਟਰ ਦਵਾਈਆਂ ਦੇ ਸਾਲਟ ਲਿਖਣ ਦੀ ਬਜਾਏ ਦਵਾਈਆਂ ਦੇ ਨਾਮ ਲਿਖ ਰਹੇ ਹਨ, ਜਿਸ ਦੇ ਨਾਲ ਆਮ ਲੋਕਾਂ ਦੀ ਸਿੱਧੇ ਤੌਰ 'ਤੇ ਲੁੱਟ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਪਹਿਲਾਂ ਡੀਸੀ ਅਤੇ ਸਿਵਲ ਸਰਜਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇ ਫਿਰ ਵੀ ਲੁੱਟ ਬੰਦ ਨਾਂ ਹੋਈ ਤਾਂ ਇਨਸਾਫ਼ ਲਈ ਵੱਡਾ ਸੰਘਰਸ਼ ਕੀਤਾ ਜਾਵੇਗਾ।
ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਡਾਕਟਰ ਮਰੀਜ਼ਾਂ ਨੂੰ ਕੰਪਨੀਆਂ ਦੀ ਦਵਾਈਆਂ ਲਿਖ ਕੇ ਦਿੰਦੇ ਹਨ, ਜੋ ਬਾਹਰ ਐੱਮਆਰਪੀ 'ਤੇ ਮਿਲਦੀਆਂ ਹਨ। ਜੈਨਰਿਕ ਦਵਾਈਆਂ ਦੇ ਮੁਕਾਬਲੇ ਇਨ੍ਹਾਂ ਕੰਪਨੀਆਂ ਦੀ ਦਵਾਈਆਂ ਦੇ ਦਾਮ 10 ਗੁਣਾ ਵੱਧ ਹੁੰਦੇ ਹਨ।
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰਾਂ ਨੇ ਫਾਰਮਾ ਕੰਪਨੀਆਂ, ਵਪਾਰੀਆਂ ਅਤੇ ਕੁੱਝ ਲਾਲਚੀ ਡਾਕਟਰਾਂ ਨੂੰ ਲੁੱਟ ਕਰਨ ਦਾ ਕਥਿਤ ਅਧਿਕਾਰ ਦਿੱਤਾ ਹੋਇਆ ਹੈ। ਸੰਧਵਾਂ ਨੇ ਕਿਹਾ ਕਿ ਉਹ ਇਸ ਦੇ ਵਿਰੁੱਧ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਮਿਲਣਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਲਣਗੇ ਅਤੇ ਇਹ ਲੁੱਟ ਬੰਦ ਕਰਵਾਉਣਗੇ।
ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਕੁੱਝ ਸਮਾਜਸੇਵੀ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਡਾਕਟਰ ਸਿਰਫ ਬਰਾਂਡਿਡ ਦਵਾਈਆਂ ਹੀ ਲਿਖਦੇ ਹਨ ਜੋ ਕਿ ਜੈਨਰਿਕ ਦਵਾਈਆਂ ਦੇ ਮੁਕਾਬਲੇ ਬਹੁਤ ਮਹਿੰਗੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਅਸੀ ਡਾਕਟਰਾਂ ਨੂੰ ਪਹਿਲਾਂ ਵੀ ਨਿਰਦੇਸ਼ ਦੇ ਚੁੱਕੇ ਹਨ ਅਤੇ ਅੱਜ ਫਿਰ ਇੱਕ ਮੀਟਿੰਗ ਕਰ ਡਾਕਟਰਾਂ ਨੂੰ ਹਿਦਾਇਤ ਦਿੱਤੀਆਂ ਹਨ ਕਿ ਉਹ ਸਿਰਫ ਜੈਨਰਿਕ ਦਵਾਈਆਂ ਹੀ ਲਿਖਣ ਜਿਸ ਦੇ ਨਾਲ ਮਰੀਜ਼ਾਂ ਨੂੰ ਲੁੱਟ ਤੋਂ ਬਚਾਇਆ ਜਾ ਸਕੇ।