ਫਰੀਦਕੋਟ: ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਨਿਊਜ਼ੀਲੈਂਡ ਦੀ ਟੀਮ ਨੂੰ 3-2 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਦੱਸ ਦਈਏ ਕਿ ਭਾਰਤੀ ਹਾਕੀ ਟੀਮ ਚ ਖੇਡ ਰਹੇ ਰੁਪਿੰਦਰ ਸਿੰਘ ਵੱਲੋਂ ਪਹਿਲੀ ਗੋਲ ਦਾਗ ਕੇ ਟੀਮ ਨੂੰ ਬਰਾਬਰੀ ’ਤੇ ਲਿਆਂਦਾ ਗਿਆ ਅਤੇ ਇਸ ਤੋਂ ਬਾਅਦ 2 ਹੋਰ ਗੋਲਾ ਦੀ ਮਦਦ ਨਾਲ ਭਾਰਤੀ ਟੀਮ ਨੇ ਜਿੱਤ ਹਾਸਿਲ ਕੀਤੀ।
ਭਾਰਤੀ ਟੀਮ ਦੀ ਇਸ ਜਿੱਤ ਦੇ ਨਾਲ ਜਿੱਥੇ ਪੂਰੇ ਭਾਰਤ ਦੇ ਲੋਕਾਂ ਅਤੇ ਹਾਕੀ ਪ੍ਰੇਮੀਆਂ ਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਫਰੀਦਕੋਟ ਦੇ ਲੋਕਾਂ ਅਤੇ ਰੁਪਿੰਦਰ ਦੇ ਪਰਿਵਾਰ ਚ ਵੀ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਇਸ ਦੌਰਾਨ ਰੁਪਿੰਦਰ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਦੋ ਆਪਣੇ ਪੁੱਤਰ ਨੂੰ ਟੀਵੀ ’ਤੇ ਓਲੰਪਿਕ ਚ ਗੋਲ ਕਰਦੇ ਹੋਏ ਦੇਖਿਆ ਤਾਂ ਉਨ੍ਹਾਂ ਨੂੰ ਆਪਣੇ ਪੁੱਤ ਤੇ ਬਹੁਤ ਮਾਣ ਹੋਇਆ। ਉਨ੍ਹਾਂ ਦਾ ਪੁੱਤਰ ਦੂਜੀ ਵਾਰ ਭਾਰਤੀ ਹਾਕੀ ਟੀਮ ’ਚ ਓਲੰਪਿਕ ਖੇਡ ਰਿਹਾ ਹੈ। ਇਸ ਮੈਚ ਵਿੱਚ ਰੁਪਿੰਦਰਪਾਲ ਨੇ ਪਹਿਲਾ ਗੋਲ ਦਾਗ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਵਾਰ ਭਾਰਤੀ ਹਾਕੀ ਟੀਮ ਟੋਕੀਓ ਓਲੰਪਿਕ ਵਿੱਚੋਂ ਗੋਲਡ ਮੈਡਲ ਜਿੱਤ ਕੇ ਵਾਪਸ ਆਵੇਗੀ।