ਫ਼ਰੀਦਕੋਟ : ਪੰਜਾਬ ਸਰਕਾਰ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰ ਨਿੱਜੀ ਅਦਾਰਿਆਂ ਰਾਹੀਂ ਸੇਵਾਵਾਂ ਦੇਣ ਲਈ ਬਹੁਤ ਕਾਹਲੀ ਨਜ਼ਰ ਆਉਂਦੀ ਹੈ। ਹੁਣ ਕੈਪਟਨ ਸਰਕਾਰ ਨੇ ਪੰਜਾਬ ਦੇ ਪੈਸਕੋ ਅਦਾਰੇ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਹੈ। ਪੰਜਾਬ ਸਰਕਾਰ ਨੇ ਸਹਿਕਾਰੀ ਬੈਂਕਾਂ ਵਿੱਚ ਬਤੌਰ ਸੁਰੱਖਿਆ ਕਰਮੀਆਂ ਵਜੋਂ ਸੇਵਾਵਾਂ ਨਿਭਾ ਰਹੇ ਸਾਬਕਾ ਫੌਜੀਆਂ ਨੂੰ ਨਿੱਜੀ ਕੰਪਨੀ ਕੋਲ ਕੰਮ ਕਰਨ ਲਈ ਕਿਹਾ ਹੈ। ਇਸ ਦੇ ਵਿਰੋਧ ਵਜੋਂ ਸਹਿਕਾਰੀ ਬੈਂਕਾਂ ਵਿੱਚ ਸੁਰੱਖਿਆ ਕਰਮੀਆਂ ਵਜੋਂ ਕੰਮ ਕਰਦੇ ਸਾਬਕਾ ਫੌਜੀਆਂ ਨੇ ਫ਼ਰੀਦਕੋਟ ਵਿੱਚ ਪ੍ਰਦਰਸ਼ਨ ਕੀਤਾ।
ਇਸ ਪ੍ਰਦਰਸ਼ਨ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਆਗੂ ਹਰਦੇਵ ਸਿੰਘ ਨੇ ਕਿਹਾ ਕਿ ਸਰਕਾਰ ਸਾਬਕਾ ਫੌਜੀਆਂ ਦੀ ਰੋਜੀ ਰੋਟੀ 'ਤੇ ਲੱਤ ਮਾਰ ਰਹੀ ਹੈ।ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ ਪੈਸਕੋ ਨੂੰ ਇੱਕ ਨਿੱਜੀ ਕੰਪਨੀ ਦੇ ਹੱਥਾਂ ਵਿੱਚ ਦੇਣ ਦੀ ਤਿਆਰੀ ਸੂਬਾ ਸਰਕਾਰ ਨੇ ਕੀਤੀ ਹੋਈ ਹੈ। ਉਨ੍ਹਾਂ ਕਿਹਾ ਸਰਕਾਰ ਨਿੱਜੀ ਕੰਪਨੀ ਤੋਂ ਕੰਮ ਕਰਵਾਉਣ ਪਿੱਛੇ ਪ੍ਰਤੀ ਕਰਮਚਾਰੀ ਦੋ ਹਜ਼ਾਰ ਰੁਪਏ ਦੇ ਲਾਭ ਦੀ ਗੱਲ ਆਖ ਰਹੀ ਹੈ।