ਫਰੀਦਕੋਟ:ਜਿਲ੍ਹਾ ਪੁਲਿਸ ਦੇ ਸੀ.ਆਈ.ਏ ਸਟਾਫ਼ ਨੇ ਪਿੰਡ ਸੇਵੇਵਾਲਾ ਦੇ ਰਹਿਣ ਵਾਲੇ 58 ਸਾਲਾ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਲਾਰੈਂਸ ਬਿਸ਼ਨੋਈ ਗਿਰੋਹ ਦਾ ਸਾਥੀ ਹੈ ਅਤੇ ਜੂਨ 2021 ਵਿੱਚ 6 ਹਫ਼ਤਿਆਂ ਦੀ ਪੈਰੋਲ ਮਿਲਣ ਤੋਂ ਬਾਅਦ ਪਿਛਲੇ ਇੱਕ ਸਾਲ ਤੋਂ ਭਗੌੜਾ ਚੱਲ ਰਿਹਾ ਸੀ।
ਮਾਮਲੇ ਸਬੰਧੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਗੈਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਬੈਠੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਅਤੇ ਆਪਣੇ ਵਿਰੋਧੀਆਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਉਸ ਦੀ ਗ੍ਰਿਫਤਾਰੀ ਨਾਲ ਪਿੰਡ ਸੇਵੇਵਾਲਾ ਦੇ ਦੋ ਪਰਿਵਾਰਾਂ ਵਿਚਕਾਰ ਚੱਲ ਰਹੀ ਪਰਿਵਾਰਕ ਦੁਸ਼ਮਣੀ ਨੂੰ ਵਿਰਾਮ ਲੱਗੇਗਾ।
ਭਗੌੜੇ ਕੈਦੀ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਖੁਲਾਸਾ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਚਮਕੌਰ ਸਿੰਘ ਨੂੰ ਕਤਲ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ ਜੂਨ 2021 ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਕੋਰੋਨਾ ਸੰਕਟ ਕਾਰਨ ਉਸ ਨੂੰ 6 ਹਫ਼ਤਿਆਂ ਲਈ ਪੈਰੋਲ`ਤੇ ਰਿਹਾਅ ਕਰ ਦਿੱਤਾ ਗਿਆ ਸੀ ਪਰ ਪੈਰੋਲ ਖ਼ਤਮ ਹੋਣ ਤੋਂ ਬਾਅਦ ਉਹ ਜੇਲ੍ਹ ਨਹੀਂ ਪਰਤਿਆ, ਜਿਸ ਕਾਰਨ ਉਸ ਖਿਲਾਫ ਵੱਖਰਾ ਕੇਸ ਵੀ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੈਰੋਲ `ਤੇ ਬਾਹਰ ਆਉਣ ਤੋਂ ਬਾਅਦ, ਚਮਕੌਰ ਸਿੰਘ ਨੇ ਗੁਰਬਖਸ਼ ਸਿੰਘ ਅਤੇ ਸ਼ਰਨੀ ਨੂੰ ਮਾਰਨ ਦੇ ਮਕਸਦ ਨਾਲ ਬਿਸ਼ਨੋਈ ਗਰੋਹ ਨਾਲ ਸੰਪਰਕ ਕਾਇਮ ਕੀਤਾ, ਅਤੇ ਆਪਣੇ ਵਿਰੋਧੀਆਂ ਦੀ ਰੇਕੀ ਕਰ ਰਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਚਮਕੌਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਗੁਰਬਖਸ਼ ਸਿੰਘ ਅਤੇ ਸ਼ਰਨੀ ਦੇ ਕਤਲ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ।
ਇਹ ਸੀ ਮਾਮਲਾ: ਪੁਲਿਸ ਰਿਕਾਰਡ ਅਨੁਸਾਰ ਚਮਕੌਰ ਸਿੰਘ ਨੇ 9 ਅਪ੍ਰੈਲ 2013 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਪਿੰਡ ਸੇਵੇਵਾਲਾ ਦੇ ਆਪਣੇ ਵਿਰੋਧੀ ਗੈਂਗਸਟਰ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਰਣਜੀਤ ਸਿੰਘ ਉਸ ਸਮੇਂ ਇੱਕ ਅਕਾਲੀ ਆਗੂ ਦਾ ਕਰੀਬੀ ਸੀ ਅਤੇ ਦਰਜਨ ਦੇ ਕਰੀਬ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ। ਜੈਤੋ ਕਸਬੇ ਦੀ ਅਨਾਜ ਮੰਡੀ ਵਿੱਚ ਰਣਜੀਤ ਸਿੰਘ ਨੇ ਚਮਕੌਰ ਸਿੰਘ ਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ, ਜਿਸ ਦਾ ਬਦਲਾ ਲੈਣ ਲਈ ਚਮਕੌਰ ਸਿੰਘ ਨੇ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਪੁਲੀਸ ਨੇ ਚਮਕੌਰ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਰਣਜੀਤ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਉਸ ਦੇ ਭਰਾ ਗੁਰਬਖਸ਼ ਸਿੰਘ ਅਤੇ ਉਸ ਦੇ ਸਮਰਥਕਾਂ ਨੇ 30 ਮਾਰਚ 2014 ਨੂੰ ਪਿੰਡ ਸੇਵੇਵਾਲਾ ਵਿਖੇ ਚਮਕੌਰ ਦੇ ਭਰਾ ਸੁਖਪਾਲ ਸਿੰਘ ਅਤੇ ਭਤੀਜੇ ਮਨਿੰਦਰ ਸਿੰਘ ਦਾ ਉਸ ਸਮੇਂ ਕਤਲ ਕਰ ਦਿੱਤਾ ਜਦੋਂ ਉਹ ਆਪਣੇ ਖੇਤ ਤੋਂ ਘਰ ਪਰਤ ਰਹੇ ਸਨ। ਇਨ੍ਹਾਂ ਕਤਲ ਕੇਸਾਂ ਵਿੱਚ ਗੁਰਬਖਸ਼ ਸਿੰਘ ਅਤੇ ਉਸ ਦਾ ਸਾਥੀ ਸ਼ਰਨੀ ਪਿਛਲੇ ਕੁਝ ਸਮੇਂ ਤੋਂ ਨਿਆਂਇਕ ਹਿਰਾਸਤ ਵਿੱਚ ਹਨ।ਸੂਤਰਾਂ ਅਨੁਸਾਰ ਗੁਰਬਖਸ਼ ਸਿੰਘ ਨੂੰ ਦਵਿੰਦਰ ਬੰਬੀਹਾ ਗੈਂਗ ਦਾ ਸਮਰਥਨ ਹਾਸਲ ਹੈ।
ਇਹ ਵੀ ਪੜੋ:ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਦਾ ਸ਼ੂਗਰ ਮਿੱਲ ਬਾਹਰ ਧਰਨਾ