ਫ਼ਰੀਦਕੋਟ: ਪੰਜਾਬ ਅਤੇ ਰਾਜਸਥਾਨ ਦੇ ਵਾਤਾਵਰਣ ਪ੍ਰੇਮੀਆਂ ਨੇ ਸ਼ਹਿਰ ਵਿੱਚ ਸਾਂਝੀ ਇਕੱਤਰਤਾ ਕਰਕੇ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਕੋਲ ਇੱਕ ਹਜ਼ਾਰ ਏਕੜ ਵਿੱਚ ਉਸਾਰੇ ਜਾ ਰਹੇ ਇੰਡਸਟਰੀਅਲ ਪਾਰਕ ਦੇ ਵਿਰੋਧ ਦਾ ਐਲਾਨ ਕੀਤਾ ਹੈ।
ਪੰਜਾਬ ਤੇ ਰਾਜਸਥਾਨ ਦੇ ਵਾਤਾਵਰਣ ਪ੍ਰੇਮੀਆਂ ਵੱਲੋਂ ਮੱਤੇਵਾੜਾ ਜੰਗਲ ਦੇ ਇੰਡਸਟਰੀਅਲ ਪਾਰਕ ਦਾ ਵਿਰੋਧ ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ 'ਦੂਸ਼ਿਤ ਜਲ, ਅਸੁਰੱਖਿਅਤ ਰਾਜਸਥਾਨ' ਦੇ ਚੇਅਰਮੈਨ ਮਹੇਸ਼ ਪੇਡੀਵਾਲ ਦੀ ਅਗਵਾਈ ਵਿੱਚ ਦੋਹਾਂ ਰਾਜਾਂ ਦੇ ਵਾਤਾਵਰਣ ਪ੍ਰੇਮੀਆਂ ਦੀ ਹੋਈ ਮੀਟਿੰਗ ਵਿੱਚ ਲੁਧਿਆਣਾ ਦੇ ਮੱਤੇਵਾੜਾ ਜੰਗਲ ਕੋਲ ਉਸਾਰੇ ਜਾ ਰਹੇ ਇੰਡਸਟਰੀਅਲ ਪਾਰਕ ਦੇ ਸਤਲੁਜ ਦਰਿਆ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ।
ਆਗੂਆਂ ਨੇ ਕਿਹਾ ਕਿ ਇਸ ਮਸਲੇ ਸਬੰਧੀ ਛੇਤੀ ਹੀ ਸਤਲੁਜ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ ਜਸਵੀਰ ਸਿੰਘ ਅਤੇ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਕੇਂਦਰੀ ਜਲ ਸਰੋਤ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਗੱਲਬਾਤ ਕੀਤੀ ਜਾਵੇਗੀ।
ਇਸ ਮੌਕੇ ਰਾਜਸਥਾਨ ਦੇ ਵਾਤਾਵਰਣ ਪ੍ਰੇਮੀ ਮਹੇਸ਼ ਪੇਡੀਵਾਲ ਨੇ ਕਿਹਾ ਕਿ ਸਤਲੁਜ ਦਰਿਆ ਦਾ ਪਾਣੀ ਪੰਜਾਬ ਅਤੇ ਰਾਜਸਥਾਨ ਦੇ ਲੋਕ ਪੀ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਦਾ ਦੂਸ਼ਿਤ ਪਾਣੀ ਪਹਿਲਾਂ ਹੀ ਬੁੱਢੇ ਨਾਲੇ ਰਾਹੀਂ ਸਤਲੁਜ ਵਿੱਚ ਪੈ ਰਿਹਾ ਹੈ ਅਤੇ ਹੁਣ ਪੰਜਾਬ ਸਰਕਾਰ ਸਤਲੁਜ ਦਰਿਆ ਕਿਨਾਰੇ 1000 ਏਕੜ ਜ਼ਮੀਨ ਵਿੱਚ ਮਾਡਰਨ ਇੰਡਸਟਰੀਅਲ ਪਾਰਕ ਸਥਾਪਤ ਕਰਨ ਜਾ ਰਹੀ ਹੈ ਜਿਸ ਦਾ ਦੂਸ਼ਿਤ ਮਟੀਰੀਅਲ ਵੀ ਸਤਲੁਜ ਦਰਿਆ ਵਿੱਚ ਆਵੇਗਾ ਅਤੇ ਪਹਿਲਾਂ ਤੋਂ ਹੀ ਬੁੱਢੇ ਨਾਲੇ ਦੀ ਵਜ੍ਹਾ ਨਾਲ ਦੂਸ਼ਿਤ ਪਾਣੀ ਹੋਰ ਦੂਸ਼ਿਤ ਹੋ ਜਾਵੇਗਾ, ਜਿਸ ਨੂੰ ਪੀਣ ਨਾਲ ਪੰਜਾਬ ਅਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੇ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਣਗੇ।
ਇੰਜੀਨੀਅਰ ਜਸਕੀਰਤ ਸਿੰਘ ਲੁਧਿਆਣਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕ ਤਾਂ ਪਹਿਲਾਂ ਹੀ ਦੂਸ਼ਿਤ ਪਾਣੀ ਪੀ ਕੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਹੁਣ ਪੰਜਾਬ ਸਰਕਾਰ ਇਸ ਪਾਣੀ ਨੂੰ ਹੋਰ ਦੂਸ਼ਿਤ ਕਰਨ ਵੱਲ ਤੁਰੀ ਹੋਈ ਹੈ, ਜੋ ਕਿ ਪੰਜਾਬ ਸਰਕਾਰ ਦੀ ਬਹੁਤ ਹੀ ਗਲਤ ਨੀਤੀ ਹੈ।
ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਧਰਤੀ, ਹਵਾ ਅਤੇ ਪਾਣੀ ਨੂੰ ਸਿਹਤਮੰਦੀ ਲਈ ਸੁਚੇਤ ਹੋਣ ਦੀ ਸਖ਼ਤ ਜ਼ਰੂਰਤ ਹੈ ਅਤੇ ਸਰਕਾਰਾਂ ਨੂੰ ਕੋਈ ਵੀ ਪ੍ਰੋਜੈਕਟ ਲਾਉਣ ਤੋਂ ਪਹਿਲਾਂ ਵਾਤਾਵਰਣ ਅਤੇ ਪਾਣੀਆਂ ਦੀ ਸ਼ੁੱਧਤਾ ਦਾ ਖਿਆਲ ਰੱਖਣਾ ਜ਼ਰੂਰੀ ਹੈ।