ਫ਼ਰੀਦਕੋਟ: ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਵੱਲੋਂ ਅੱਜ ਇੱਕ ਅਨੋਖਾ ਰੋਸ ਪ੍ਰਦਰਸ਼ਨ ਕਰ ਸਰਕਾਰ ਤੋਂ ਕੋਚਿੰਗ ਸੈਂਟਰ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕਰ ਮਿੰਨੀ ਸਕੱਤਰੇਤ ਪਹੁੰਚ ਬੱਸਾਂ ਵਿੱਚ ਕੋਚਿੰਗ ਕਲਾਸਾਂ ਲਗਾਈਆਂ ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਸਰਕਾਰ ਬੱਸਾਂ 'ਚ ਪੂਰੀ ਸਵਾਰੀਆਂ ਬਿਠਾਉਣ ਦੀ ਮੰਜ਼ੂਰੀ ਦੇ ਸਕਦੀ ਹੈ ਤਾਂ ਅਸੀ 15-20 ਬੱਚਿਆਂ ਦਾ ਗਰੁੱਪ ਬਣਾ ਕੇ ਕਿਉਂ ਨਹੀਂ ਪੜ੍ਹਾ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕੁੱਝ ਸ਼ਰਤਾਂ ਵੀ ਰੱਖਦੀ ਹੈ ਤਾਂ ਉਹ ਮੰਨਣ ਨੂੰ ਵੀ ਤਿਆਰ ਹਨ।
ਸਿੱਖਿਆ ਪ੍ਰੋਵਾਈਡਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਲਜੀਤ ਸਿੰਘ ਖੀਵਾ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਦੇਸ਼ ਭਰ ਵਿੱਚ ਕਰੋਨਾ ਮਹਾਂਮਾਰੀ ਦੇ ਚੱਲਦੇ ਲਗਾਏ ਗਏ ਲੌਕਡਾਊਨ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਲੋਂ ਹੁਣ ਵਧੇਰੇ ਵਪਾਰਕ ਅਦਾਰਿਆਂ, ਦੁਕਾਨਾਂ, ਹੋਟਲ-ਰੈਸਟੋਰੈਂਟਾਂ ਅਤੇ ਦੂਜੇ ਵਰਗਾਂ ਨੂੰ ਕੰਮ ਕਰਨ ਦੀ ਛੂਟ ਦਿੱਤੀ ਗਈ ਹੈ। ਇੱਥੋਂ ਤਕ ਕਿ ਬਸਾਂ 'ਚ ਵੀ ਪੂਰੀ ਸਵਾਰਿਆਂ ਬਠਾਉਣ ਦੀ ਮੰਜ਼ੂਰੀ ਦਿੱਤੀ ਗਈ ਹੈ, ਸ਼ਰਾਬ ਦਾ ਕੰਮਕਾਜ ਕਰਨ ਲਈ ਠੇਕੇ ਅਤੇ ਅਹਾਤੇ ਖੋਲ੍ਹ ਦਿੱਤੇ ਗਏ ਹਨ, ਮੈਰਿਜ ਪੈਲੇਸਾਂ ਅਤੇ ਰੈਸਟੋਰੈਂਟਾਂ ਵਿੱਚ 50 ਵਿਅਕਤੀਆਂ ਦੇ ਇਕੱਠ ਦੀ ਮਨਜ਼ੂਰੀ ਦਿੱਤੀ ਗਈ ਪਰ ਇਸ ਸਭ ਦੇ ਉਲਟ ਛੋਟੇ-ਛੋਟੇ ਵਿੱਦਿਅਕ ਅਦਾਰਿਆਂ ਨੂੰ ਕੋਈ ਵੀ ਛੂਟ ਨਹੀਂ ਦਿੱਤੀ ਗਈ।