ਫ਼ਰੀਦਕੋਟ :ਬੀਤੇ 50 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੇ ਮੀਟਰ ਰੀਡਰਾਂ ਵੱਲੋਂ ਸਰਕਾਰ ਵੱਲੋਂ ਕੋਈ ਬਾਂਹ ਨਾ ਫ਼ੜੇ ਜਾਣ ਉੱਤੇ ਕੱਲ੍ਹ ਤੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਅੱਜ ਭੁੱਖ ਹੜਤਾਲ ਦੇ ਦੂਜੇ ਦਿਨ ਦੋ ਮੁਲਾਜ਼ਮਾਂ ਦੀ ਹਾਲਤ ਇਕਦਮ ਖਰਾਬ ਹੋ ਗਈ। ਜਿਨ੍ਹਾਂ ਨੂੰ ਤੁਰੰਤ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਇਸ ਮੌਕੇ ਮੀਟਰ ਰੀਡਰ ਯੂਨੀਅਨ ਦੇ ਸੂਬਾ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ 50 ਦਿਨਾਂ ਤੋਂ ਕੁਲਤਾਰ ਸੰਧਵਾ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇ ਰਹੇ ਹਾਂ ਪਰ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਸਾਡੀ ਸਾਰ ਨਹੀਂ ਲਈ ਗਈ ਜਦਕਿ ਸਰਕਾਰ ਖੁਦ ਮੰਨਦੀ ਹੈ। ਉਹਨਾਂ ਦੀਆਂ ਮੰਗਾਂ ਜਾਇਜ਼ ਹਨ। ਜਿਸ ਤੋਂ ਬਾਅਦ ਮਜ਼ਬੂਰਨ ਸਾਨੂੰ ਭੁੱਖ ਹੜਤਾਲ ਸ਼ੁਰੂ ਕਰਨੀ ਪਈ। ਜਿੱਥੇ ਅੱਜ ਜ਼ਿਆਦਾ ਗਰਮੀ ਕਾਰਨ ਸਾਡੇ ਦੋ ਮੁਲਾਜ਼ਮਾਂ ਦੀ ਹਾਲਤ ਵਿਗੜ ਗਈ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਨਾਂ ਪਿਆ।