ਫ਼ਰੀਦਕੋਟ: ਗੁਰੂ ਗ੍ਰੰਥ ਸਾਹਿਬ ਦੀ ਚੋਰੀ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਆਖਰ ਉਨ੍ਹਾਂ ਕਾਰਨਾਂ ਦਾ ਖੁਲਾਸਾ ਕਰ ਦਿੱਤਾ ਹੈ ਜਿਨ੍ਹਾਂ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਦੋ ਸਿੱਖ ਨੌਜਵਾਨਾਂ ਦੀ ਜਾਨ ਗਈ ਸੀ।
ਫਰੀਦਕੋਟ ਵਿਚ ਜਾਣਕਾਰੀ ਦਿੰਦਿਆ SIT ਪ੍ਰਮੁੱਖ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਬੇਅਦਬੀ ਦੇ ਹੁਕਮ ਡੇਰੇਦਾਰਾਂ ਨੂੰ ਕਿਥੋਂ ਮਿਲੇ ਸਨ। ਉਨ੍ਹਾਂ ਇਹ ਸਾਰਾ ਖੁਲਾਸਾ ਆਪਣੀ ਹੁਣ ਤੱਕ ਦੀ ਜਾਂਚ ਸਾਹਮਣੇ ਆਏ ਤੱਥਾਂ ਦੇ ਅਧਾਰ ਉੱਤੇ ਕੀਤਾ ਹੈ।
ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਸਬੰਧੀ ਥਾਣਾ ਬਾਜਾਖਾਨਾ ਵਿਚ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਦੀ ਜਾਂਚ ਪਹਿਲਾਂ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ SIT ਵਲੋਂ ਕੀਤੀ ਜਾ ਰਹੀ ਸੀ ਪਰ ਬਾਅਦ ਵਿਚ ਇਹ ਜਾਂਚ CBI ਹਵਾਲੇ ਕੀਤੀ ਗਈ ਪਰ ਕਈ ਮਹੀਨੇ ਜਾਂਚ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੀਬੀਆਈ ਤੋਂ ਜਾਂਚ ਵਾਪਸ ਲੈ ਕੇ ਮੁੜ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰ ਦਿੱਤੀ।
ਆਪਣੀ ਹੁਣ ਤੱਕ ਦੀ ਜਾਂਚ ਵਿਚ SIT ਨੇ ਪਹਿਲਾਂ 7 ਡੇਰਾ ਪ੍ਰੇਮੀਆਂ ਨੂੰ ਬੀਤੇ ਸਾਲ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਵਿਚੋਂ 6 ਲੋਕ ਜ਼ਮਾਨਤ ਉੱਤੇ ਰਿਹਾ ਹੋ ਗਏ ਜਦ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਜੋ ਕੋਟਕਪੂਰਾ ਦਾ ਰਹਿਣ ਵਾਲਾ ਸੀ, ਉਸ ਉੱਤੇ ਜੇਲ੍ਹ ਵਿਚ ਕਾਤਲਾਨਾ ਹਮਲਾ ਹੋਇਆ ਅਤੇ ਉਸ ਦੀ ਮੌਤ ਹੋ ਗਈ ਸੀ।
ਹੁਣ ਬੀਤੇ ਦਿਨੀਂ SIT ਨੇ ਉਕਤ ਮਾਮਲੇ ਵਿਚ ਜ਼ਮਾਨਤ ਉੱਤੇ ਚੱਲ ਰਹੇ 6 ਡੇਰਾ ਪ੍ਰੇਮੀਆਂ ਸਣੇ 7 ਲੋਕਾਂ ਨੂੰ ਐਫਆਈਆਰ ਤਹਿਤ ਮੁਲਜ਼ਮ ਨਾਮਜਦ ਕਰ ਗ੍ਰਿਫਤਾਰ ਕੀਤਾ ਅਤੇ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਸੀ ਜਿਨ੍ਹਾਂ ਵਿਚੋਂ 2 ਡੇਰਾ ਪ੍ਰੇਮੀਆਂ ਦੀ ਇਸ ਮਾਮਲੇ ਵਿਚ ਅਗਾਉਂ ਜ਼ਮਾਨਤ ਹੋਈ ਹੋਣ ਦੇ ਚਲਦੇ ਅਦਾਲਤ ਨੇ ਰਿਹਾਅ ਕਰ ਦਿੱਤਾ ਸੀ ਪਰ ਨਾਲ ਹੀ ਇਨ੍ਹਾਂ ਦੋਹਾਂ ਡੇਰਾ ਪ੍ਰੇਮੀਆਂ ਨੂੰ SIT ਵਲੋਂ ਕੀਤੀ ਜਾ ਰਹੀ ਤਫਤੀਸ਼ ਵਿਚ ਸ਼ਾਮਲ ਹੋਣ ਦੀ ਹਦਾਇਤ ਕੀਤੀ ਸੀ। ਬਾਕੀ 5 ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ 2 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਸੀ।
ਇਸ 2 ਦਿਨ ਦੇ ਪੁਲਿਸ ਰਿਮਾਂਡ ਦੌਰਾਨ SIT ਨੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਕਰਵਾਉਣ ਦੇ ਰਾਜ ਤੋਂ ਪਰਦਾ ਉਠਾਇਆ। SIT ਮੁਖੀ ਨੇ ਖੁਲਾਸਾ ਕੀਤਾ ਕਿ ਡੇਰਾ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਡੇਰੇ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕੀਤੀ ਸੀ।
SIT ਪ੍ਰਮੁੱਖ ਨੇ ਦੱਸਿਆ ਕਿ ਹੁਣ ਤੱਕ ਦੀ ਉਨ੍ਹਾਂ ਦੀ ਤਫਤੀਸ ਵਿਚ ਇਹੀ ਸਾਹਮਣੇ ਆਇਆ ਹੈ ਕਿ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ 'ਮਾਂਝੀ' ਦੇ ਦੀਵਾਨ ਦੌਰਾਨ ਕੁਝ ਡੇਰਾ ਪ੍ਰੇਮੀਆਂ ਨੇ ਭਾਵੁਕ ਹੋ ਕੇ ਆਪਣੇ ਗਲੇ ਵਿਚ ਪਾਏ ਹੋਏ ਡੇਰੇ ਦੇ ਲੋਕਟ ਉਤਾਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਤੋੜ ਦਿੱਤਾ ਸੀ ਜਿਸ ਨੂੰ ਲੈ ਕੇ ਡੇਰੇ ਅਤੇ ਡੇਰਾ ਪ੍ਰੇਮੀਆਂ ਵਿਚ ਰੋਸ ਸੀ ਉਹ ਇਸ ਨੂੰ ਆਪਣੇ ਗੁਰੂ ਦੀਆਂ ਨਿਸ਼ਾਨੀਆਂ ਦੀ ਬੇਅਦਬੀ ਮੰਨਦੇ ਸਨ ਅਤੇ ਇਸੇ ਲਈ ਉਨ੍ਹਾਂ ਨੇ ਸਿੱਖ ਧਰਮ ਦੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਵਿਉਂਤ ਬਣਾਈ। ਉਨ੍ਹਾਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਅਤੇ ਬਰਗਾੜੀ ਦੀਆਂ ਗਲੀਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਖਿਲਾਰੇ ਜਾਣ ਦੇ ਨਿਰਦੇਸ਼ ਡੇਰਾ ਪ੍ਰੇਮੀਆਂ ਨੂੰ ਡੇਰੇ ਤੋਂ ਆਏ ਸਨ।