ਫਰੀਦਕੋਟ :ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ ਨਹਿਰਾਂ ਉਤੇ ਆਏ ਪਿੰਡ ਬੀਹਲੇ ਵਾਲਾ ਦੇ 3 ਲੜਕੇ, ਜੋ ਕਾਰ ਬੇਕਾਬੂ ਹੋ ਜਾਣ ਕਾਰਨ ਸਰਹਿੰਦ ਫੀਡਰ ਨਹਿਰ ਵਿਚ ਆਪਣੀ ਸਕੌਡਾ ਕਾਰ ਸਮੇਤ ਡਿੱਗ ਗਏ ਸਨ, ਦੀਆਂ ਲਾਸ਼ਾਂ ਬੜੀ ਮੁਸ਼ੱਕਤ ਨਾਲ ਅੱਜ NDRF ਦੀਆਂ ਟੀਮਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਨਹਿਰ ਵਿਚੋਂ ਲੱਭ ਲਈਆਂ ਹਨ, ਜਿਨ੍ਹਾਂ ਨੂੰ ਪੁਲਿਸ ਵਲੋਂ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਦਾ ਕੱਲ੍ਹ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪਿੰਡ ਬੀਹਲੇ ਵਾਲਾ ਦੇ 5 ਨੌਜਵਾਨ ਲੜਕੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਫਰੀਦਕੋਟ ਨਹਿਰਾਂ ਉਤੇ ਆਏ ਸਨ ਅਤੇ ਇਨ੍ਹਾਂ ਵਿਚੋਂ 3 ਨੌਜਵਾਨ ਕਾਰ ਉਤੇ ਸਵਾਰ ਹੋ ਕਿ ਸ਼ਹਿਰੋਂ ਕੋਈ ਸਮਾਨ ਲੈਣ ਲਈ ਗਏ, ਸਨ ਜੋ ਵਾਪਸ ਪਰਤਦੇ ਸਮੇਂ ਕਾਰ ਬੇਕਾਬੂ ਹੋ ਜਾਣ ਕਾਰਨ ਕਾਰ ਸਮੇਤ ਸਰਹਿੰਦ ਨਹਿਰ ਵਿਚ ਡਿੱਗ ਗਏ ਸਨ।
ਐਨਡੀਆਰਐਫ ਨੇ ਮੁਸ਼ੱਕਤ ਨਾਲ ਲਾਸ਼ਾਂ ਕੱਢੀਆਂ ਬਾਹਰ :ਮੌਕੇ ਉਤੇ ਲੋਕਾਂ ਨੇ ਕਾਰ ਨੂੰ ਤਾਂ ਨਹਿਰ ਵਿਚੋਂ ਬਾਹਰ ਕੱਢ ਲਿਆ ਸੀ ਪਰ ਕਾਰ ਵਿਚ ਸਵਾਰ ਤਿੰਨ ਨੌਜਵਾਨ, ਹਰਮਨਜੋਤ ਸਿੰਘ, ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਨਹਿਰ ਵਿਚ ਪਾਣੀ ਦੇ ਤੇਜ਼ ਬਹਾਅ ਵਿਚ ਰੁੜ੍ਹ ਗਏ ਸਨ। ਜਿਨ੍ਹਾਂ ਦੀ ਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ NDRF ਦੇ ਇਕ 35 ਮੈਂਬਰੀ ਦਲ ਨੂੰ ਬੁਲਾਇਆ ਗਿਆ ਸੀ ਜੋ ਨੇੜਲੇ ਪਿੰਡਾਂ ਦੇ ਸਹਿਯੋਗ ਨਾਲ ਪਿਛਲੇ 2 ਦਿਨਾਂ ਤੋਂ ਲਗਾਤਾਰ ਨੌਜਵਾਨਾਂ ਦੀ ਭਾਲ ਕਰ ਰਹੇ ਸਨ। ਦੇਰ ਰਾਤ ਹਰਮਨਜੋਤ ਸਿੰਘ ਨਾਮ ਦੇ ਨੌਜਵਾਨ ਦੀ ਲਾਸ਼ ਮਿਲ ਗਈ ਸੀ ਜਦੋਂ ਕਿ ਬਾਕੀ ਦੋ ਨੌਜਵਾਨਾਂ ਦਵਿੰਦਰ ਸਿੰਘ ਅਤੇ ਜਗਮੋਹਨ ਸਿੰਘ ਦੀਆਂ ਲਾਸ਼ਾਂ ਅੱਜ ਮਿਲੀਆਂ ਹਨ, ਜਿਨ੍ਹਾਂ ਨੂੰ ਪੁਲਿਸ ਨੇ ਪੋਸਮਾਰਟਮ ਲਈ ਮਿਰਤਕ ਦੇਹ ਸਭਾਲ ਕੇਂਦਰ ਵਿਚ ਰੱਖਿਆ ਹੈ।