ਫ਼ਰੀਦਕੋਟ: ਸ਼ਹਿਰ ਅੰਦਰ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਨੂੰ ਫੜ ਕੇ ਜ਼ਿਲ੍ਹੇ ਦੀ ਇਕਲੌਤੀ ਸਰਕਾਰੀ ਗਊਸ਼ਾਲਾ ਵਿੱਚ ਛੱਡਿਆ ਗਿਆ ਸੀ। ਇੱਥੇ ਇਨ੍ਹਾਂ ਗਊਆਂ ਦੀ ਹਾਲਤ ਇੰਨੀਂ ਦਿਨੀਂ ਤਰਸਯੋਗ ਬਣੀ ਹੋਈ ਹੈ ਹਰੇ ਚਾਰੇ ਅਤੇ ਚੰਗੀ ਤੂੜੀ ਦੀ ਘਾਟ ਕਾਰਨ ਇੱਥੇ ਰੱਖੇ ਗਏ ਪਸ਼ੂ ਭੁੱਖ ਨਾਲ ਤੜਪ-ਤੜਪ ਕੇ ਮਰਨ ਨੂੰ ਮਜਬੂਰ ਹੋ ਰਹੇ ਹਨ। ਇਸ ਦੇ ਨਾਲ ਹੀ ਹਰੇਕ ਦਿਨ 20-25 ਪਸ਼ੂਆਂ ਦੀ ਜਾਨ ਜਾ ਰਹੀ ਹੈ।
ਸਰਕਾਰੀ ਗਊਸ਼ਾਲਾ 'ਚ ਤੜਪ-ਤੜਪ ਕੇ ਮਰਨ ਲਈ ਮਜਬੂਰ ਗਊਆਂ - ਗਊਆਂ
ਫ਼ਰੀਦਕੋਟ ਦੇ ਪਿੰਡ ਗੋਲੇਵਾਲਾ ਵਿੱਚ ਬਣੀ ਗਊਸ਼ਾਲਾ ਦੀ ਹਾਲਤ ਇੰਨੀ ਤਰਸਯੋਗ ਬਣੀ ਹੋਈ ਹੈ ਕਿ ਹਰੇਕ ਦਿਨ 20-25 ਗਾਵਾਂ ਦੀ ਜਾਨ ਜਾ ਰਹੀ ਹੈ।
ਸਰਕਾਰੀ ਪ੍ਰਬੰਧਾਂ ਹੇਠ ਚੱਲ ਰਹੀ ਇਸ ਗਊਸ਼ਾਲਾ ਵਿੱਚ ਕਰੀਬ 1400 ਪਸ਼ੂ ਰੱਖੇ ਗਏ ਹਨ ਜਿਨ੍ਹਾਂ ਵਿੱਚ ਬਹੁਤੇ ਸ਼ਹਿਰਾਂ ਵਿੱਚ ਫਿਰਦੇ ਆਵਾਰਾ ਪਸ਼ੂ ਹਨ ਜੋ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਫੜ ਕੇ ਤੇ ਛੱਡੇ ਗਏ ਹਨ।
ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਪਾਈ ਜਾਣ ਵਾਲੀ ਤੂੜੀ ਵੀ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਆਮ ਪਸ਼ੂ ਪਾਲਕ ਆਪਣੇ ਘਰਾਂ ਅੰਦਰ ਪਸ਼ੂਆਂ ਦੇ ਹੇਠਾਂ ਪਾਉਣ ਲਈ ਵੀ ਅਜਿਹੀ ਤੂੜੀ ਨਹੀਂ ਵਰਤਦੇ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਤੇ ਗਊ ਸੇਵਕਾਂ ਨੇ ਦੱਸਿਆ ਕਿ ਪਿੰਡ ਗੋਲੇਵਾਲਾ ਵਿਖੇ ਬਣਾਈ ਗਈ ਸਰਕਾਰੀ ਗਊਸ਼ਾਲਾ ਵਿੱਚ ਭੁੱਖ ਨਾਲ ਪਸ਼ੂ ਮਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਸ਼ੂਆਂ ਦੀ ਸਹੀ ਦੇਖਰੇਖ ਨਹੀਂ ਕੀਤੀ ਜਾ ਰਹੀ ਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪਸ਼ੂਆਂ ਲਈ ਹਰੇ ਚਾਰੇ ਦਾ ਪੁਖ਼ਤਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ।
ਇਸ ਸਬੰਧੀ ਜਦੋਂ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੀਤ ਮਹਿੰਦਰ ਸਿੰਘ ਸਹੋਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਗਊਸ਼ਾਲਾ ਵਿੱਚ ਪਸ਼ੂਆਂ ਦੀਆਂ ਜੋ ਮੌਤਾਂ ਹੋ ਰਹੀਆਂ ਹਨ, ਉਹ ਡਾਕਟਰਾਂ ਦੇ ਦੱਸਣ ਮੁਤਾਬਕ ਜੋ ਪਸ਼ੂ ਸ਼ਹਿਰਾਂ ਵਿੱਚੋਂ ਫੜ ਕੇ ਛੱਡੇ ਗਏ ਹਨ ਉਹ ਸ਼ਹਿਰ ਅੰਦਰ ਪਲਾਸਟਿਕ ਦੇ ਲਿਫ਼ਾਫ਼ੇ ਤੇ ਕਈ ਵਾਰ ਕੱਚ ਦਾ ਸਮਾਨ ਵੀ ਖਾਂਦੇ ਰਹੇ ਹਨ। ਉੱਥੇ ਹੀ ਪਸ਼ੂਆਂ ਦੇ ਚਾਰੇ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਚਾਰੇ ਦੀ ਕੁੱਝ ਸਮੱਸਿਆ ਨਹੀਂ ਹੈ।