ਫ਼ਰੀਦਕੋਟ:ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਮਨਮਾਨੀ ਦੇ ਕਈ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਵੀ ਸਾਹਮਣੇ ਆਇਆ ਹੈ। ਇਥੇ ਸਿਵਲ ਹਸਪਤਾਲ ਦੀ ਇੱਕ ਮਹਿਲਾ ਡਾਕਟਰ 'ਤੇ ਨਿੱਜੀ ਹਸਪਤਾਲ 'ਚ ਆਪਰੇਸ਼ਨ ਕਰਨ ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਹਨ।
ਪੀੜਤ ਮਹਿਲਾ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ ਤੇ ਉਸ ਦਾ ਇਲਾਜ ਸਿਵਲ ਹਸਪਤਾਲ 'ਚ ਜਾਰੀ ਸੀ। ਇਥੇ ਜੱਚਾ-ਬੱਚਾ ਵਿਭਾਗ 'ਚ ਤਾਇਨਾਤ ਡਾਕਟਰ ਡਾ.ਰਸ਼ਮੀ ਸੇਠੀ ਉਸ ਦੀ ਪਤਨੀ ਦਾ ਇਲਾਜ ਕਰ ਰਹੀ ਸੀ, ਕੁੱਝ ਦਿਨਾਂ ਮਗਰੋਂ ਡਾਕਟਰ ਨੇ ਉਸ ਦੀ ਪਤਨੀ ਨੂੰ ਘਰ ਬੁਲਾ ਕੇ ਇਲਾਜ ਸ਼ੁਰੂ ਕੀਤਾ। ਉਸ ਦੀ ਪਤਨੀ ਦੀ ਡਿਲਵਰੀ ਦੇ ਸਮੇਂ ਮੰਨਾ ਕਰਨ ਦੇ ਬਾਵਜੂਦ ਉਕਤ ਮਹਿਲਾ ਡਾਕਟਰ ਨੇ ਉਸ ਦੀ ਪਤਨੀ ਦੀ ਡਿਲਵਰੀ ਇੱਕ ਨਿੱਜੀ ਹਸਪਤਾਲ 'ਚ ਕੀਤੀ। ਪੀੜਤ ਨੇ ਦੱਸਿਆ ਕਿ ਇਸ ਦੇ ਲਈ ਡਾਕਟਰ ਨੇ ਉਨ੍ਹਾਂ ਕੋਲੋਂ 30 ਤੋਂ 40 ਹਜ਼ਾਰ ਰੁਪਏ ਵੱਧ ਫੀਸ ਵਸੂਲ ਕੀਤੀ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਵੱਲੋਂ ਸਿਵਲ ਸਰਜਨ, ਪੰਜਾਬ ਸਰਕਾਰ ਤੇ ਪੁਲਿਸ 'ਚ ਮਹਿਲਾ ਡਾਕਟਰ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ 'ਤੇ ਕੋਈ ਕਾਰਵਾਈ ਨਾ ਹੋਣ ਦੇ ਚਲਦੇ ਮਜਬੂਰਨ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ।