ਫ਼ਰੀਦਕੋਟ: ਕੋਰੋਨਾ ਮਹਾਂਮਾਰੀ ਨੇ ਦੇ ਕਾਰਨ ਜਿੱਥੇ ਭਾਰਤ ਸਮੇਤ ਦਨੀਆਂ ਦੇ ਵੱਡੇ ਮੁਲਕਾਂ ਦੀ ਜੀਡੀਪੀ ਮੂਦੇ-ਮੂੰਹ ਡਿੱਗੀ ਹੈ, ਉੱਥੇ ਹੀ ਇਸ ਦੇ ਕਹਿਰ ਤੋਂ ਬਚੇ ਛੋਟੇ ਤੇ ਵੱਡੇ ਕਾਰੋਬਾਰ ਵੀ ਨਹੀਂ ਰਹਿ ਸਕੇ। ਬੀਤੇ ਛੇ ਮਹੀਨਿਆਂ ਤੋਂ ਸਭ ਕਾਰੋਬਾਰ ਠੱਪ ਪਏ ਹਨ। ਜੇਕਰ ਸਰਕਾਰ ਨੇ ਕੁਝ ਢਿੱਲ ਦੇ ਕੇ ਕਾਰੋਬਾਰ ਸ਼ੁਰੂ ਕੀਤੇ ਵੀ ਹਨ ਤਾਂ ਵੀ ਇਹ ਕਾਰੋਬਾਰ ਮੁੜ ਲੀਹ 'ਤੇ ਨਹੀਂ ਆ ਪਾ ਰਹੇ। ਕੁਝ ਇਸੇ ਤਰ੍ਹਾਂ ਦੇ ਹਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਬੁਟੀਕ ਦਾ ਕਿੱਤਾ।
ਫ਼ਰੀਦਕੋਟ ਸ਼ਹਿਰ ਵਿੱਚ ਚੱਲਣ ਵਾਲੇ ਬੁਟੀਕ ਮਾਲਕ ਵੀ ਗਾਹਕਾਂ ਦੇ ਇੰਤਜ਼ਾਰ ਵਿੱਚ ਬੈਠੇ ਹਨ। ਕੋਰੋਨਾ ਮਹਾਂਮਾਰੀ ਜਾਂ ਤਾਲਾਬੰਦੀ ਦੌਰਾਨ ਬੁਟੀਕ ਮਾਲਕਾਂ ਜਾਂ ਉੱਥੇ ਕੰਮ ਕਰਦੇ ਲੋਕਾਂ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉਨ੍ਹਾਂ ਨੂੰ ਕਿਨ੍ਹਾਂ ਕੁ ਨੁਕਸਾਨ ਹੋਇਆ ਹੈ ਇਸ ਸਬੰਧੀ ਈਟੀਵੀ ਭਰਤ ਦੀ ਟੀਮ ਨੇ ਬੁਟੀਕ ਮਾਲਕਾਂ ਨਾਲ ਗੱਲਬਾਤ ਕੀਤੀ ਹੈ।
ਗੱਲਬਾਤ ਦੌਰਾਨ ਬੁਟੀਕ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਕਿ ਕੋਰੋਨਾ ਤੋਂ ਪਹਿਲਾਂ ਬੁਟੀਕ 'ਚ ਸੂਟਾਂ ਦੀ ਭਰਮਾਰ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਸੂਟ ਦੀ ਸਲਾਈ ਕਰਨ ਵਾਲੇ ਦਿਨ ਰਾਤ ਮਸ਼ੀਨਾਂ 'ਤੇ ਸੂਟ ਤਿਆਰ ਕਰਦੇ ਰਹਿੰਦੇ ਅਤੇ ਮਾਲਕ ਗਾਹਕਾਂ ਨਾਲ ਰਾਬਤਾ ਬਣਾਉਂਦੇ ਸਨ। ਉੱਥੇ ਹੀ ਹੁਣ ਕੋਰੋਨਾ ਕਾਰਨ ਬੁਟੀਕ ਸੁੰਨਸਾਨ ਪਏ ਹਨ। ਜਿਸ ਕਾਰਨ ਮਾਲਕਾਂ ਨੂੰ ਆਪਣੇ ਕਈ ਕਾਰੀਗਰ ਹਟਾਉਣੇ ਵੀ ਪਏ ਹਨ।