ਚੰਡੀਗੜ: ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਜ਼ਿਲਿਆਂ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ, ਵੱਖ-ਵੱਖ ਸਰਕਾਰੀ ਯੋਜਨਾਵਾਂ, ਸਕੀਮਾਂ ਅਤੇ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਲਈ ਕੀਤੇ ਜਾ ਰਹੇ ਵੱਖ-ਵੱਖ ਡਵੀਜ਼ਨਾਂ ਦੇ ਦੌਰਿਆ ਦੀ ਲੜੀ ਵਜੋਂ ਅੱਜ ਫ਼ਰੀਦਕੋਟ ਡਵੀਜ਼ਨ ਦਾ ਦੌਰਾ ਕੀਤਾ ਗਿਆ। ਫ਼ਰੀਦਕੋਟ ਡਵੀਜ਼ਨ ਵਿਚਲੇ ਤਿੰਨ ਜ਼ਿਲੇ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਦੇ ਪ੍ਰਬੰਧਕੀ ਸਕੱਤਰਾਂ, ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨਾਲ ਉਨਾਂ ਮੀਟਿੰਗ ਕੀਤੀ।
ਮੀਟਿੰਗ ਉਪਰੰਤ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਵਿਨੀ ਮਹਾਜਨ ਨੇ ਕਿਹਾ ਕਿ ਉਨਾਂ ਵੱਲੋਂ ਰਾਜ ਦੀਆਂ ਸਾਰੀਆਂ ਡਵੀਜ਼ਨਾਂ ਵਿੱਚ ਜ਼ਿਲਿਆਂ ਦੇ ਪ੍ਰਬੰਧਕੀ ਸਕੱਤਰਾਂ, ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਜ਼ਿਲਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ, ਵਿਕਾਸ ਸਕੀਮਾਂ ਵੱਖ ਵੱਖ ਪ੍ਰਾਜੈਕਟਾਂ, ਯੋਜਨਾਵਾਂ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨਾਂ ਵੱਲੋਂ ਰੂਪਨਗਰ ਅਤੇ ਫਿਰੋਜ਼ਪੁਰ ਡਵੀਜਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ।
ਉਨਾਂ ਨੇ ਕਿਹਾ ਕਿ ਕੋਵਿਡ-19 ਕਾਰਨ ਰਾਜ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟ ਜੋ ਰੁੱਕ ਗਏ ਸਨ, ਉਨਾਂ ‘ਤੇ ਹੁਣ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਰਾਜ ਦੇ ਲੋਕਾਂ ਨੇ ਕੋਵਿਡ ਵਿਰੁੱਧ ਜੰਗ ਲੜੀ ਹੈ ਅਤੇ ਕਾਫੀ ਹੱਦ ਤੱਕ ਇਸ ‘ਤੇ ਕਾਬੂ ਵੀ ਪਾਇਆ ਹੈ ਪਰ ਅੱਜ ਵੀ ਸਾਨੂੰ ਲੋੜ ਹੈ ਕਿ ਅਸੀਂ ਉਦੋਂ ਤੱਕ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣੀਆਂ ਜਾਰੀ ਰੱਖੀਏ ਜਦੋਂ ਤੱਕ ਕੋਵਿਡ ਦੀ ਦਵਾਈ ਨਹੀਂ ਆਉਂਦੀ।