ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਕਸਬਾ ਬਰਗਾੜੀ ਦੀ ਭਾਰਤੀ ਸਟੇਟ ਬੈਂਕ ਦੀ ਮਹਿਲਾ ਕਰਮਚਾਰੀ ਵੱਲੋਂ ਬੈਂਕ ਦੇ ਗ੍ਰਾਹਕਾਂ ਨਾਲ ਵੱਡੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਬੈਂਕ ਦੀ ਮਹਿਲਾ ਕਲਰਕ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਬੈਂਕ ਦੀ ਮਹਿਲਾ ਕਰਮਚਾਰੀ ਨੂੰ ਨੌਕਰੀ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਥਾਣਾ ਬਾਜਾਖਾਨਾਂ ਅਧੀਨ ਪੈਂਦੀ ਚੌਕੀ ਬਰਗਾੜੀ ਦੇ ਇੰਚਾਰਜ ਐੱਸਆਈ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੂੰ ਭਾਰਤੀ ਸਟੇਟ ਬੈਂਕ ਬ੍ਰਾਂਚ ਬਰਗਾੜੀ ਦੀ ਮੈਨੇਜਰ ਅਦਿੱਤੀ ਸਿੰਗਲਾ ਵਲੋਂ ਇੱਕ ਲਿਖਤੀ ਸ਼ਕਾਇਤ ਦਿੱਤੀ ਸੀ ਕਿ ਬੈਂਕ 'ਚ ਤੈਨਾਤ ਐਸੋਸੀਏਟ ਕਲਰਕ ਵੱਲੋਂ ਬੈਂਕ ਦੇ ਕੁਝ ਗ੍ਰਾਹਕਾਂ ਦੇ ਖਾਤਿਆ 'ਚ ਡਬਲ ਐਂਟਰੀਆਂ ਕਰਕੇ ਲੱਖਾਂ ਰੁਪਏ ਦਾ ਗਬਨ ਕੀਤਾ ਹੈ ਅਤੇ ਬੈਂਕ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਜਿਸ ਦੀ ਜਾਂਚ ਐੱਸਪੀ ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ ਅਤੇ ਤਫਤੀਸ਼ ਦੌਰਾਨ ਦੋਸ਼ ਸਾਬਤ ਹੋਣ 'ਤੇ ਬੈਂਕ ਦੀ ਮਹਿਲਾ ਕਲਰਕ ਖਿਲਾਫ਼ ਥਾਣਾ ਬਾਜਾਖਾਨਾਂ ਵਿਖੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।