ਫ਼ਰੀਦਕੋਟ: ਅਵਾਰਾ ਪਸ਼ੂਆਂ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਉਜਾੜਾ ਕੀਤੇ ਜਾਣ ਦੇ ਵਿਰੋਧ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਹ ਧਰਨਾ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਸਤਾਂ 'ਤੇ ਲਗਾਏ ਗਏ ਗਉ ਸੈੱਸ ਤੋਂ ਬਾਅਦ ਵੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕਰਨ 'ਤੇ ਦਿੱਤਾ ਗਿਆ।
ਇਸ ਧਰਨੇ ਵਿੱਚ ਪਹੁੰਚੇ ਬੀਕੇਯੂ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਸਰਕਾਰ ਨੂੰ ਗਉ ਸੈੱਸ ਲੈ ਕੇ ਵੀ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨਾ ਕਰਨ 'ਤੇ ਘੇਰਿਆ। ਉਨ੍ਹਾਂ ਕਿਸਾਨਾਂ ਵੱਲੋਂ ਲਿਆਂਦੇ ਅਵਾਰਾ ਪਸ਼ੂ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਦੇ ਹਵਾਲੇ ਕੀਤੇ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ।
ਲੱਖੋਵਾਲ ਨੇ ਮੰਗ ਪੱਤਰ 'ਚ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਛੇਤੀ ਨਜਿੱਠਿਆ ਜਾਵੇ ਅਤੇ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੇ ਕਹਿਰ ਤੋਂ ਬਚਾਇਆ ਜਾਵੇ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ 'ਤੇ ਵੀ ਤੰਜ ਕਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਮੰਡੀ ਬੋਰਡ ਨੂੰ ਗਹਿਣੇ ਪਾ ਦਿਤਾ ਹੈ ਅਤੇ ਹੁਣ ਮੰਡੀ ਬੋਰਡ ਦੇ ਕਰਮਚਾਰੀਆਂ ਨੂੰ ਤਨਖਾਹਾਂ ਵੀ ਸਮੇ ਸਿਰ ਨਹੀਂ ਮਿਲ ਸਕਣਗੀਆਂ। ਨਾਲ ਹੀ ਉਨ੍ਹਾਂ ਕਿਸਾਨ ਕਰਜ਼ਾ ਮੁਆਫੀ 'ਤੇ ਕਿਹਾ ਕਿ ਸਰਕਾਰ ਬਹੁਤ ਥੋੜਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ।
ਇਸ ਮੌਕੇ ਮੰਗ ਪੱਤਰ ਲੈਣ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਇੱਕ ਮੰਗ ਪੱਤਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿਸਾਨਾਂ ਦੀ ਮੰਗ ਹੈ ਕਿ ਅਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕੋਲ ਗੌਲੇਵਾਲਾ ਵਿਖੇ ਸਰਕਾਰੀ ਗਉਸ਼ਾਲਾ ਹੈ, ਜਿਥੇ ਕਿਸਾਨਾਂ ਵੱਲੋਂ ਲਿਆਂਦੇ ਅਵਾਰਾ ਪਸ਼ੂ ਭੇਜ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਗਉਸ਼ਾਲਾ ਵਿੱਚ ਜਲਦ ਹੀ ਇੱਕ ਹੋਰ ਸੈਡ ਦਾ ਨਿਰਮਾਣ ਕੀਤਾ ਜਾਵੇਗਾ, ਜਿਥੇ ਹੋਰ ਜ਼ਿਆਦਾ ਪਸ਼ੂ ਰੱਖੇ ਜਾ ਸਕਣਗੇ।
ਬੀਕੇਯੂ ਲੱਖੋਵਾਲ ਵੱਲੋਂ ਫ਼ਰੀਦਕੋਟ ਵਿਖੇ ਦਿੱਤਾ ਗਿਆ ਧਰਨਾ ਫਲਾਪ ਸ਼ੋਅ ਹੀ ਸਾਬਤ ਹੋਇਆ। ਧਰਨੇ ਵਿੱਚ BKU ਪ੍ਰਮੁੱਖ ਅਜਮੇਰ ਸਿੰਘ ਲੱਖੋਵਾਲ ਦੇ ਪਹੁੰਚਣ ਦੇ ਬਾਵਜੂਦ ਵੀ ਬਹੁਤੇ ਕਿਸਾਨਾਂ ਨੇ ਧਰਨੇ ਵਿੱਚ ਦਿਲਚਸਪੀ ਨਹੀਂ ਵਿਖਾਈ ਅਤੇ ਘੱਟ ਗਿਣਤੀ ਵਿੱਚ ਕਿਸਾਨ ਪਹੁੰਚੇ। ਇਸ ਸੰਬੰਧੀ ਜਦ ਅਜਮੇਰ ਸਿੰਘ ਲੱਖੋਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਬਹੁਤ ਆਏ ਸਨ ਉਹ ਖੁਦ ਹੀ ਲੇਟ ਸਨ, ਇਸ ਲਈ ਕਿਸਾਨ ਚਲੇ ਗਏ।