ਫਰੀਦਕੋਟ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਐਸਆਈਟੀ ਨੇ ਪਿਛਲੇ ਦਿਨੀਂ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੰਕਜ ਬਾਂਸਲ ਨੂੰ 24 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਇਸੇ ਮਾਮਲੇ 'ਚ ਨੌਜਵਾਨ ਵਕੀਲ ਸੁਹੇਲ ਸਿੰਘ ਬਰਾੜ ਨੂੰ ਵੀ ਐਸਆਈਟੀ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ਦਾ ਰਿਮਾਂਡ ਪਹਿਲਾਂ 21 ਜੂਨ ਤੱਕ ਸੀ, ਹੁਣ ਅਦਾਲਤ ਨੇ ਸੁਹੇਲ ਸਿੰਘ ਬਰਾੜ ਦਾ ਵੀ ਪੁਲਿਸ ਰਿਮਾਂਡ ਵਧਾ ਕੇ 24 ਜੂਨ ਤੱਕ ਕਰ ਦਿੱਤਾ ਹੈ।
ਦੱਸ ਦਈਏ ਕਿ ਐਸਆਈਟੀ ਦੇ ਮੁੱਖ ਜਾਂਚਕਰਤਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ (ਜਿਸ ਦੀ ਇਸ ਘਟਨਾ ਦੇ ਸਮੇਂ ਫਰੀਦਕੋਟ ਵਿੱਚ ਇੱਕ ਆਟੋਮੋਬਾਈਲ ਵਰਕਸ਼ਾਪ ਸੀ) ਨੂੰ ਚਰਨਜੀਤ ਸਿੰਘ ਸ਼ਰਮਾ ਦੀ ਜਿਪਸੀ ‘ਤੇ ਗੋਲੀਆਂ ਚਲਾਉਣ ਦੇ ਦੋਸ਼ੀ ਮੁਲਾਜ਼ਮਾਂ ਵੱਲੋਂ ਆਪਣੇ ਬਚਾਅ ਲਈ ਇੱਕ ਝੂਠੀ ਕਹਾਣੀ ਨੂੰ ਘੜਨ ਵਿੱਚ ਜਾਣ ਬੁੱਝ ਕੇ ਮਦਦ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।
ਐੱਸਆਈਟੀ ਜਾਂਚ ਦੌਰਾਨ ਪਾਇਆ ਗਿਆ ਕਿ ਪੁਲਿਸ ਫਾਇਰਿੰਗ ਦੀ ਘਟਨਾ ਤੋਂ ਬਾਅਦ ਪੰਕਜ ਬਾਂਸਲ ਨੇ ਇਸ ਕੇਸ ਵਿੱਚ ਝੂਠੇ ਸਬੂਤ ਤਿਆਰ ਕਰਨ ਮੌਕੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੀ ਮੱਦਦ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ: ਕੌਮਾਂਤਰੀ ਯੋਗ ਦਿਵਸ: ਆਈਟੀਬੀਪੀ ਦੇ ਜਵਾਨਾਂ ਨੇ 14 ਹਜ਼ਾਰ ਫੁੱਟ ਦੀ ਉਚਾਈ 'ਤੇ ਕੀਤਾ ਯੋਗ
ਐੱਸਆਈਟੀ ਦੀ ਜਾਂਚ ਅਨੁਸਾਰ ਬਰਗਾੜੀ ਅਤੇ ਹੋਰ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਜਦੋਂ 14.10.2015 ਨੂੰ ਬਹਿਬਲ ਕਲਾਂ ਵਿਖੇ ਬਾਅਦ ਸਾਂਤਮਈ ਢੰਗ ਨਾਲ ਧਰਨੇ ‘ਤੇ ਬੈਠੇ ਨਿਰਦੋਸ਼ ਪ੍ਰਦਰਸਨਕਾਰੀਆਂ ‘ਤੇ ਫਾਇਰਿੰਗ ਹੋਈ ਤਾਂ ਇਸ ਫਾਇਰਿੰਗ ਲਈ ਜਿੰਮੇਵਾਰ ਪੁਲਿਸ ਟੀਮ ਨੇ ਆਪਣੀ ਸਵੈ-ਰੱਖਿਆ ਲਈ ਇੱਕ ਸਾਜ਼ਿਸੀ ਕਹਾਣੀ ਘੜੀ। ਆਪਣੇ ਹੱਕ ਵਿੱਚ ਸਵੈ-ਰੱਖਿਆ ਦੀ ਕਹਾਣੀ ਨੂੰ ਸਾਬਤ ਕਰਨ ਲਈ ਉਸ ਸਮੇਂ ਦੇ ਮੋਗਾ ਦੇ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ ‘ਤੇ ਮੁਲਜਮਾਂ ਨੇ ਖ਼ੁਦ ਗੋਲੀਆਂ ਮਾਰ ਕੇ ਝੂਠੇ ਸਬੂਤ ਬਣਾਏ।
ਕੀ ਹੈ ਮਾਮਲਾ?
ਅਕਤੂਬਰ 2015 ਵਿੱਚ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ ਸਿੱਖ ਸੰਗਤਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਹੋਈ ਝੜਪ ਦੌਰਾਨ ਕੋਟਕਪੂਰਾ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਪ੍ਰਦਰਸ਼ਨਕਾਰੀ ਅਤੇ ਪੁਲਿਸ ਦੇ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ। ਉਥੇ ਹੀ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਬਹਿਬਲ ਕਲਾਂ ਵਿਖੇ ਵੀ ਸਿੱਖ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਸੀ, ਜਿਸ ਦੌਰਾਨ ਗੋਲੀਆਂ ਲੱਗਣ ਨਾਲ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਬਾਜਾਖਾਨਾ ਵਿਖੇ 2 ਵੱਖ ਵੱਖ FIR ਦਰਜ ਹੋਈਆਂ ਸਨ ਜਿਨ੍ਹਾਂ ਵਿੱਚ 129 ਨੰਬਰ ਐਫਆਈਆਰ ਪ੍ਰਦਰਸ਼ਨਕਾਰੀਆਂ 'ਤੇ ਦਰਜ ਕੀਤੀ ਗਈ ਸੀ ਜਦੋਕਿ ਦੂਜੀ ਐਫਆਈਆਰ ਨੰਬਰ 130 ਅਣਪਛਾਤੇ ਪੁਲਿਸ ਮੁਲਾਜ਼ਮਾਂ 'ਤੇ ਦਰਜ ਕੀਤੀ ਗਈ ਸੀ।