ਫ਼ਰੀਦਕੋਟ:ਕੋਟਕਪੂਰਾ ਬਹਿਬਲ ਗੋਲੀ ਕਾਂਡ ਮਾਮਲੇ ਨੂੰ ਲੈ ਕੇ ਕਾਫ਼ੀ ਸਮਾਂ ਬੀਤ ਚੁੱਕਾ ਹੈ। ਇਸ ਦੇ ਸ਼ਿਕਾਰ ਹੋਏ ਪੀੜਤ (Behbal Kalan Case) ਪਰਿਵਾਰਾਂ ਅਤੇ ਸੰਗਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਆਪਣੇ ਸਮੇਂ ਵਿੱਚ ਗਠਨ ਕੀਤੀਆਂ ਵਿਸ਼ੇਸ਼ ਜਾਂਚ ਟੀਮਾਂ 'ਚ ਲਗਾਤਾਰ ਕਈ ਲੋਕਾਂ ਨੂੰ ਸ਼ਾਮਿਲ ਕਰ ਚੁੱਕੀਆ ਹਨ, ਪਰ ਅਸਲ ਦੋਸ਼ੀ ਅਜੇ ਵੀ ਜੇਲ੍ਹ ਦੀਆਂ ਸਲਾਖਾਂ ਤੋਂ ਦੂਰ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਤੋਂ ਪਹਿਲੀ ਐਸਆਈਟੀ ਪੁੱਛਗਿੱਛ ਕਰ ਚੁੱਕੀ ਹੈ। ਉੱਥੇ ਹੀ ਇੱਕ ਵਾਰ ਫੇਰ ਉਸ ਸਮੇਂ ਦੇ ਅਕਾਲੀ ਸਰਕਾਰ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਨੇ ਤਲਬ (SIT Summoned To Sukhbir Badal) ਕੀਤਾ ਹੈ ਅਤੇ ਜਾਣਕਾਰੀ ਅਨੁਸਾਰ 30 ਅਗਸਤ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਹੈ।
ਪ੍ਰਕਾਸ਼ ਪੁਰਬ ਵਾਲੇ ਦਿਨ ਸਰਕਾਰ ਨੂੰ ਅਲਟੀਮੇਟਮ: ਇਸ ਦੇ ਸੰਬੰਧ ਵਿਚ ਸੁਖਰਾਜ ਸਿੰਘ ਪੁੱਤਰ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਬਿੱਟੂ ਸਰਾਵਾਂ ਦੇ ਪਿਤਾ ਸਾਧੂ ਸਿੰਘ ਜਿਨ੍ਹਾਂ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਦੇ ਇਨਸਾਫ ਲਈ ਪਿਛਲੇ ਕਾਫੀ ਸਮੇਂ ਤੋਂ ਮੋਰਚਾ ਲਗਾਇਆ ਹੋਇਆ ਹੈ। ਇਨ੍ਹਾਂ ਵੱਲੋਂ ਸੁਖਬੀਰ ਬਾਦਲ ਨੂੰ ਸਿਟ ਵਲੋਂ ਤਲਬ ਕਰਨ ਦੀ ਸ਼ਲਾਘਾ ਤਾਂ ਕੀਤੀ, ਪਰ ਇਨਸਾਫ ਦੀ ਕੋਈ ਵੀ ਉਮੀਦ ਨਾ ਪੂਰੀ ਹੋਣ ਦੀ ਗੱਲ ਵੀ ਕਹੀ। ਉਨ੍ਹਾਂ ਵਲੋਂ ਸਰਕਾਰ ਨੂੰ ਅਲਟੀਮੇਟਮ ਦੇਣ ਲਈ 1 ਸਤੰਬਰ ਨੂੰ ਪ੍ਰਕਾਸ਼ ਦਿਹਾੜੇ ਉੱਤੇ ਬਹਿਬਲ ਵਿੱਚ ਭਾਰੀ ਇਕੱਠ ਰੱਖਿਆ ਹੋਇਆ ਹੈ। ਸਿੱਖ ਸੰਗਤਾਂ ਲਗਾਤਾਰ ਇਸ ਬੇਅਦਬੀ ਅਤੇ ਗੋਲੀਕਾਂਡ ਦਾ ਇਨਸਾਫ ਦੀ ਉਡੀਕ ਵਿਚ ਲਗਾਤਾਰ ਸੰਘਰਸ਼ ਕਰ ਰਹੀਆ ਹਨ।
ਇਸ ਸਮੇਂ ਗੁਰਜੀਤ ਸਰਾਵਾਂ ਦੇ ਪਿਤਾ ਸਾਧੂ ਸਿੰਘ ਨੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਸਿਟ ਨੇ ਤਲਬ ਕੀਤਾ ਹੈ, ਬਹੁਤ ਚੰਗੀ ਗੱਲ ਹੈ। ਪਰ, ਬਾਕੀ ਤਾਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਸਿੱਟਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸਾਨੂੰ ਆਸ ਹੈ, ਅਸੀਂ ਆਸ ਉੱਤੇ ਹੀ ਜਿਊਂਦੇ ਹਾਂ। ਸਰਕਾਰ ਵਲੋਂ (sacrilege case) ਸਮਾਂ ਮੰਗੇ ਜਾਣ ਦੇ ਜਵਾਬ ਉੱਤੇ ਉਨ੍ਹਾਂ ਕਿਹਾ ਕਿ ਇਹ ਤਾਂ ਸੰਗਤ ਦੀ ਮਰਜ਼ੀ ਨਾਲ ਹੈ ਕਿ ਸਮਾਂ ਦੇਣਾ ਹੈ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਪਰ ਇਸ ਦੇ ਉਲਟ ਸਰਕਾਰ ਵੱਲੋਂ ਕੋਈ ਵੀ ਜ਼ਿੰਮੇਵਾਰ ਵਿਅਕਤੀ ਗੱਲਬਾਤ ਕਰਨ ਨਹੀਂ ਆਉਂਦਾ। ਹਰ ਵਾਰ ਕਿਸੇ ਐਮਐਲਏ ਨੂੰ ਭੇਜ ਦਿੰਦੇ ਹਨ ਜਾਂ ਕਦੀ ਕਿਸੇ ਵਕੀਲ ਨੂੰ ਭੇਜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਸਾਹਿਬ ਇੱਥੇ ਜਦੋਂ ਵੀ ਆਉਂਦੇ ਹਨ, ਉਹ ਆ ਕੇ ਆਖਦੇ ਹਨ ਕਿ ਮੇਰੇ ਹੱਥ ਵੱਸ ਕੁੱਝ ਨਹੀਂ ਹੈ। ਮੈਂ ਤਾਂ ਇੱਕ ਸਿੱਖ ਦੇ ਤੌਰ ਉੱਤੇ ਤੁਹਾਡੇ ਵਿੱਚ ਹਾਜ਼ਰੀ ਲਵਾਉਣ ਲਈ ਆਇਆ ਹਾਂ। ਜੋ ਮੰਤਰੀ ਆਇਆ ਸੀ ਉਸ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਏਥੇ ਬੇਅਦਬੀ ਹੋਈ ਸੀ।