ਫ਼ਰੀਦਕੋਟ: ਕਰੀਬ ਢਾਈ ਸਾਲ ਤੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਇੱਕ ਚਲਾਨ ਦੇਣਾ ਹਾਲੇ ਬਾਕੀ ਹੈ ਜੋ ਵਿਸ਼ੇਸ਼ ਜਾਂਚ ਟੀਮ ਕਿਸੇ ਵੀ ਵੇਲੇ ਅਦਾਲਤ ਵਿਚ ਪੇਸ਼ ਕਰ ਦੇਵੇਗੀ। ਇਹ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਦਿੱਤੀ।
ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਪਹਿਲੀ ਵਾਰ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲਈ ਸਾਹਮਣੇ ਆਏ, ਜਿੱਥੇ ਉਨ੍ਹਾਂ ਜਾਂਚ ਮੁਕੰਮਲ ਹੋਣ ਦਾ ਖੁਲਾਸਾ ਕੀਤਾ, ਉੱਥੇ ਹੀ ਉਨ੍ਹਾਂ ਜਾਂਚ ਦੌਰਾਨ ਥ੍ਰੈਟ ਕੀਤੇ ਜਾਣ ਅਤੇ ਜਾਂਚ ਮੁਕੰਮਲ ਨਾ ਕਰਨ ਲਈ ਦਬਾਅ ਦੀ ਗੱਲ ਵੀ ਕਹੀ।
ਇਸ ਮੌਕੇ ਗੱਲਬਾਤ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਇਨ੍ਹਾਂ ਦੋਹਾਂ ਮਾਮਲਿਆਂ ਵਿੱਚ 7-7 ਦੋਸ਼ੀਆਂ ਖਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਕ ਚਲਾਨ ਦੇਣਾ ਹਾਲੇ ਬਾਕੀ ਹੈ ਜੋ ਕਿਸੇ ਵੇਲੇ ਵੀ ਅਦਾਲਤ ਵਿਚ ਦਾਖ਼ਲ ਕਰ ਦਿੱਤਾ ਜਾਵੇਗਾ।