ਫ਼ਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ਦੇ ਅਧੀਨ ਕੰਮ ਕਰ ਰਹੇ ਕਰੀਬ 250 ਠੇਕਾ ਮੁਲਾਜ਼ਮ ਰੇਗੁਲਰ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਮੁਲਾਜ਼ਮਾਂ ਨੇ ਪਿਛਲੇ ਕਰੀਬ 50 ਦਿਨ ਤੋਂ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ ਅਤੇ ਇਨ੍ਹਾਂ ਦੇ 6 ਮੁਲਾਜ਼ਮ ਮਰਨ ਵਰਤ 'ਤੇ ਵੀ ਬੈਠੇ ਸਨ।
ਇਸ ਸਬੰਧੀ 12 ਜਨਵਰੀ ਨੂੰ ਸੈਕਟਰੀ ਸਿਹਤ ਅਤੇ ਪ੍ਰਬੰਧਕੀ ਬੋਰਡ ਦੇ ਨਾਲ ਹੋਈ ਮੀਟਿੰਗ ਵੀ ਬੇਨਤੀਜਾ ਰਹੀ ਅਤੇ ਮੁਲਾਜ਼ਮਾਂ ਦੀਆ ਮੰਗਾਂ ਨੂੰ ਲੈ ਕੇ ਕੋਈ ਹੱਲ ਨਹੀਂ ਨਿਕਲਿਆ। ਇਸੰ ਦੇ ਚੱਲਦਿਆਂ ਯੂਨੀਵਰਸਿਟੀ ਦੇ ਤਿੰਨ ਮੁਲਾਜ਼ਮ ਹੱਥ ਵਿੱਚ ਪਟਰੋਲ ਦੀਆਂ ਬੋਤਲਾਂ ਲੈ ਕੇ ਮੰਡੀ ਬੋਰਡ ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਰੋਸ਼ ਪ੍ਰਦਾਸ਼ਰਨ ਕੀਤਾ।
ਜ਼ਿਕਰਯੋਗ ਹੈ ਕੀ ਕੁੱਝ ਦਿਨ ਪਹਿਲਾਂ ਵਾਈਸ ਚਾਂਸਲਰ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਸੀ ਕੀ ਕੁੱਝ ਨਰਸਾਂ ਨੇ ਆਪਣੇ ਸੰਘਰਸ਼ ਦੌਰਾਨ ਪਾਣੀ ਦੀ ਟੈਂਕੀ ਤੋਂ ਛਲਾਂਗ ਲਗਾ ਦਿੱਤੀ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਨੋਕਰੀ ਮਿਲ ਗਈ ਸੀ। ਇਸ ਮਗਰੋਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਪਾਣੀ ਦੀ ਟੈਂਕੀ ਤੋਂ ਛਾਲ ਮਾਰਨ ਦੇ ਬਾਅਦ ਹੀ ਨੋਕਰੀ ਮਿਲਣੀ ਹੈ ਤਾਂ ਇਸਦੇ ਲਈ ਵੀ ਉਹ ਤਿਆਰ ਹਨ।
ਇਸ ਮੌਕੇ ਆਗੂ ਗੁਰਇਕਬਾਲ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਕੋਈ ਵੀ ਤਵੱਜੋਂ ਨਹੀ ਦਿੱਤੀ ਜਾ ਰਹੀ। ਜੋ ਵਾਈਸ ਚਾਂਸਲਰ ਵੱਲੋਂ ਕਥਿਤ ਤੌਰ 'ਤੇ ਟੈਂਕੀ 'ਤੇ ਚੜ੍ਹਨ ਦੀ ਸਲਾਹ ਦਿੱਤੀ ਸੀ ਅਤੇ ਉਸ 'ਤੇ ਅਸੀ ਅਮਲ ਕਰ ਰਹੇ ਹਾਂ ਅਤੇ ਜੇਕਰ ਸਾਨੂੰ ਇਨਸਾਫ਼ ਨਹੀ ਮਿਲਦਾ ਤਾਂ ਅਸੀਂ ਆਪਣੀ ਜਾਨ ਦੇਣ ਤੋਂ ਪਰਹੇਜ ਨਹੀ ਕਰਾਂਗੇ।
ਅੱਗੇ ਉਨ੍ਹਾਂ ਕਿਹਾ ਕਿ ਅੱਜ ਸਾਡੇ ਤਿੰਨ ਸਾਥੀ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ 'ਤੇ ਚੜ੍ਹੇ ਹਨ ਅਤੇ ਜੇਕਰ ਸਾਡੇ ਨਾਲ ਕੋਈ ਜ਼ਬਰਦਸਤੀ ਹੁੰਦੀ ਹੈ ਤਾਂ ਸਾਡੇ ਅਗਲੇ ਕਦਮ ਦੀ ਜ਼ਿਮੇਦਾਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ਼ ਰਾਜ ਬਹਾਦੁਰ ਦੀ ਹੋਵੇਗੀ।