ਫ਼ਰੀਦਕੋਟ: ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ਲਈ ਫਰੀਦਕੋਟ ਪੁਲਿਸ ਵੱਲੋਂ ਵਿਸ਼ਵ ਬਾਈਸਾਈਕਲ ਦਿਵਸ ਮੌਕੇ ਜੁਡੀਸ਼ਰੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਨੂੰ ਕੋਰੋਨਾ ਖ਼ਿਲਾਫ਼ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ। ਇਸ ਵਿੱਚ ਫ਼ਰੀਦਕੋਟ ਪੁਲਿਸ ਦੇ 150 ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਈਕਲ ਰੈਲੀ ਦਾ ਹਿੱਸਾ ਬਣ ਕੇ ਕੋਰੋਨਾ ਖ਼ਿਲਾਫ਼ ਜੰਗ ਵਿੱਚ ਆਪਣਾ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਐਸਐਸਪੀ ਫ਼ਰੀਦਕੋਟ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਕੋਰੋਨਾ ਖ਼ਿਲਾਫ਼ ਜੰਗ ਲਈ ਮਿਸ਼ਨ ਫ਼ਤਿਹ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਫਰੀਦਕੋਟ ਪੁਲਿਸ, ਜੁਡੀਸ਼ਰੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹ ਰੈਲੀ ਅੰਤਰਰਾਸ਼ਟਰੀ ਸਾਈਕਲ ਦਿਵਸ ਮੌਕੇ ਫਰੀਦਕੋਟ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਗਈ ਹੈ।