ਫਰੀਦਕੋਟ: ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਵਿਚ ਵਾਪਰੇ ਗੋਲੀਕਾਂਡ ਮਾਮਲਿਆ ਦਾ ਇਨਸਾਫ ਲੈਣ ਲਈ ਬਹਿਬਲਕਲਾਂ ਗੋਲੀਕਾਂਡ ਦੇ ਸਹੀਦਾਂ ਦੇ ਪਰਿਵਾਰਾਂ ਵੱਲੋਂ ਲਗਾਏ ਗਏ ਇਨਸਾਫ ਮੋਰਚੇ ’ਤੇ ਦੇਰ ਰਾਤ ਵੱਡਾ ਹਾਦਸਾ ਹੋਣੋਂ ਬਚ ਗਿਆ। ਦੱਸ ਦਈਏ ਕਿ ਬਹਿਬਲਕਲਾਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀਂਵਾਲਾ ਦੀ ਮੋਰਚੇ ’ਤੇ ਖੜੀ ਕਾਰ ਨੂੰ ਦੇਰ ਰਾਤ ਅਣਪਛਾਤੇ ਕਾਰ ਚਾਲਕਾਂ ਨੇ ਟੱਕਰ ਮਾਰੀ। ਇਸ ਮਾਮਲੇ ਦੀ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਕਰੀਬ 11 ਵਜੇ ਸੁਖਰਾਜ ਸਿੰਘ ਧਰਨਾ ਸਥਾਨ ਦੇ ਬਾਹਰ ਆਪਣੀ ਸਵਿੱਫਟ ਕਾਰ ਵਿਚ ਬੈਠੇ ਸੀ ਅਤੇ ਜਦੋਂ ਉਹ ਆਪਣੀ ਕਾਰ ਵਿਚੋਂ ਉੱਤਰ ਕੇ ਮੋਰਚੇ ਅੰਦਰ ਚਲਾ ਗਏ ਤਾਂ ਮਹਿਜ 13 ਸੈਕਿੰਡਾਂ ਬਾਅਦ ਹੀ ਇਕ ਅਣਪਛਾਤੀ ਕਾਰ ਸੁਖਰਾਜ ਸਿੰਘ ਨਿਆਮੀਂ ਵਾਲਾ ਦੀ ਕਾਰ ਦੇ ਅੱਗੇ ਆ ਕੇ ਰੁਕੀ, ਕਾਰ ਸਵਾਰ ਲੋਕਾਂ ਵਿਚੋਂ ਕੁਝ ਹੇਠਾਂ ਉਤਰੇ ਅਤੇ ਬਾਅਦ ਵਿਚ ਉਹਨਾਂ ਨੇ ਕਾਰ ਨੂੰ ਬੈਕ ਕਰ ਕੇ ਸੁਖਰਾਜ ਸਿੰਘ ਨਿਆਮੀਂ ਵਾਲਾ ਦੀ ਕਾਰ ਨੂੰ ਟੱਕਰ ਮਾਰੀ, ਟੱਕਰ ਲੱਗਣ ਨਾਲ ਕਾਰ ਦਾ ਸੈਂਟਰਲ ਲਾਕ ਸਿਸਟਮ ਅਲਰਟ ਹੋ ਗਿਆ ਅਤੇ ਬੀਪ ਦੀ ਅਵਾਜ ਸੁਣ ਕੇ ਮੋਰਚੇ ਵਿਚ ਮੌਜੂਦ ਇਕ ਨੌਜਵਾਨ ਬਾਹਰ ਨਿਕਲਿਆ ਤਾਂ ਕਾਰ ਚਾਲਕ ਕਾਰ ਲੈ ਕੇ ਜਾਣ ਲੱਗੇ ਜਦ ਨੌਜਵਾਨ ਨੇ ਪਿੱਛਾ ਕਰਨਾਂ ਚਾਹਿਆ ਤਾਂ ਕਾਰ ਸਵਾਰਾਂ ਨੇ ਕੁਝ ਦੂਰੀ ਤੇ ਜਾ ਕੇ ਕਾਰ ਰੋਕ ਲਈ ਨੌਜਵਾਨ ਨੂੰ ਕਾਰ ਪਿੱਛੇ ਜਾਣ ਤੋਂ ਜਦੋ ਸੁਖਰਾਜ ਸਿੰਘ ਨੇ ਰੋਕਿਆ ਤਾਂ ਕਾਰ ਸਵਾਰ ਕਾਰ ਲੈ ਕੇ ਫਰਾਰ ਹੋ ਗਏ।